ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਅਪਰੈਲ
ਸੂਬੇ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਬੁੱਧਵਾਰ ਨੂੰ ਸਥਾਨਕ ਤਹਿਸੀਲਦਾਰ ਦਫ਼ਤਰ, ਫ਼ਰਦ ਤੇ ਸੇਵਾ ਕੇਂਦਰ ਦੀ ਜਾਂਚ ਦੌਰਾਨ ਮੀਡੀਆ ਸਾਹਮਣੇ ਤਹਿਸੀਲਦਾਰ ਤੇ ਐੱਸਡੀਐੱਮ ਖ਼ਿਲਾਫ਼ ਬੋਲੀ ਮਾੜੀ ਸ਼ਬਦਾਵਲੀ ਦਾ ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਡੀਸੀ ਕੁਲਵੰਤ ਸਿੰਘ ਨੂੰ ਮਾਲ ਅਧਿਕਾਰੀਆਂ ਵੱਲੋਂ ਅੱਜ ਦਿੱਤੇ ਮੰਗ ਪੱਤਰ ’ਚ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਤਹਿਸੀਲਦਾਰ ਤੇ ਐੱਸਡੀਐੱਮ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਜੇ ਕਿਸੇ ਮਾਲ ਅਫ਼ਸਰ ਨਾਲ ਬੇਇਨਾਫ਼ੀ ਹੋਈ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਦੀ ਅਗਵਾਈ ਹੇਠ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਦੇ ਮਾਲ ਅਫ਼ਸਰਾਂ ਨੇ ਡਿਪਟੀ ਕਮਿਸ਼ਨਰ ਕੋਲ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸ਼ਟਾਮ ਫੀਸ ਚੋਰੀ ਮਾਮਲੇ ’ਚ ਸਬ-ਰਜਿਸਟਰਾਰ ਮੋਗਾ ਖ਼ਿਲਾਫ਼ ਲਾਏ ਗਏ ਦੋਸ਼ ਝੂਠੇ ਹਨ ਜਾਂ ਸੱਚੇ, ਇਹ ਜਾਂਚ ਦਾ ਵਿਸ਼ਾ ਹੈ ਤੇ ਇਸ ਸਬੰਧੀ ਏਡੀਸੀ ਹਰਚਰਨ ਸਿੰਘ ਕੋਲ ਜਾਂਚ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਵਧੀਕ ਮੁੱਖ ਸਕੱਤਰ ਮਾਲ ਅੱਗੇ ਰੱਖਿਆ ਜਾਵੇ ਤੇ ਭਵਿੱਖ ’ਚ ਕਿਸੇ ਵੀ ਮੰਤਰੀ ਵੱਲੋਂ ਅਜਿਹਾ ਕੋਈ ਵੀ ਵਰਤਾਰਾ ਕੀਤੇ ਜਾਣ ’ਤੇ ਰੋਕ ਲਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮਾਲ ਮੰਤਰੀ ਵੱਲੋਂ ਕੀਤੀ ਗਈ ਇਹ ਕਾਰਵਾਈ ਚੱਲ ਰਹੀ ਜਾਂਚ ਨੂੰ ਇੱਕਪਾਸੜ ਕਰਨ ਲਈ ਦਬਾਅ ਬਣਾਉਣ ਦੀ ਕੋਝੀ ਚਾਲ ਹੈ।