ਪੱਤਰ ਪ੍ਰੇਰਕ
ਭੀਖੀ, 9 ਅਗਸਤ
ਝੋਨਾ ਲਵਾਉਣ ਤੋਂ ਪਹਿਲਾਂ ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਝੋਨਾ ਲਵਾਈ ਦੀ ਕੀਮਤ ਖੁਦ ਤਹਿ ਕੀਤੀ ਸੀ ਪਰ ਮਜ਼ਦੂਰ ਜਥੇਬੰਦੀਆਂ ਵੱਲੋਂ ਵਿਰੋਧ ਕਰਨ ’ਤੇ ਮਤੇ ਵਾਪਸ ਲੈ ਲਏ ਗਏ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਕੀਤੀ ਗਈ ਜਨਤਕ ਤਾਲਾਬੰਦੀ ਕਰਕੇ ਪਿੰਡ ਹੀਰੋਂ ਕਲਾਂ ਦੇ ਮਜ਼ਦੂਰਾਂ ਨੇ ਦੋ ਮਹੀਨੇ ਪਹਿਲਾਂ ਉਧਾਰ ਰਾਸ਼ਨ ਲੈ ਕੇ ਝੋਨੇ ਦੀ ਲਵਾਈ ਕੀਤੀ ਸੀ ਪਰ ਜ਼ਿਮੀਦਾਰ ਝੋਨੇ ਦੀ ਲਵਾਈ ਨਾ ਦੇ ਕੇ ਗਰੀਬ-ਮਜ਼ਦੂਰਾਂ ਦੇ ਪੇਟ ’ਤੇ ਲੱਤ ਮਾਰ ਰਹੇ ਹਨ, ਉਨ੍ਹਾਂ ਵੱਲੋਂ ਸ਼ਰੇਆਮ ਕਿਰਤ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਮਜ਼ਦੂਰ ਆਗੂਆਂ ਨੇ ਦੱਸਿਆ ਕਿ ਰਾਜ ਸਿੰਘ ਵਾਸੀ ਹੀਰੋਂ ਕਲਾਂ 34 ਏਕੜ ਜ਼ਮੀਨ ’ਤੇ 12 ਮਜ਼ਦੂਰ ਮਰਦ-ਔਰਤਾਂ ਵੱਲੋਂ ਟੋਲੀ ਬਣਾ ਕੇ ਝੋਨੇ ਦੀ ਲਵਾਈ ਕੀਤੀ ਗਈ ਸੀ, ਜਿਸ ਦੀ ਕੀਮਤ 3500 ਪ੍ਰਤੀ ਏਕੜ ਤੈਅ ਕੀਤਾ ਗਿਆ ਸੀ। ਹੁਣ ਜਦੋਂ ਮਜ਼ਦੂਰਾਂ ਨੇ ਕੀਤੇ ਕੰਮ ਦਾ ਮਿਹਨਤਾਨਾ ਮੰਗਿਆ ਤਾਂ ਇਹ ਵਿਅਕਤੀ ਵੱਲੋਂ ਗਾਲੀ ਗਲੋਚ ਕਰਦਾ ਹੈ। ਪੰਜਾਬ ਕਿਸਾਨ ਯੂਨੀਅਨ ਸੂਬਾ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਯੂਨੀਅਨ ਮਜ਼ਦੂਰਾਂ ਨਾਲ ਖੜ੍ਹੇਗੀ।
ਸੀਪੀਆਈ (ਐੱਮਐਲ) ਲਬਿਰੇਸ਼ਨ ਆਗੂ ਕਾਮਰੇਡ ਅਮਰੀਕ ਸਿੰਘ ਸਮਾਓਂ, ਗੁਲਾਬ ਸਿੰਘ ਖੀਵਾ, ਬੱਲਮ ਢੈਪਈ, ਮੇਲਾ ਸਿੰਘ ਹੀਰੋਂ ਅਤੇ ਬਸਪਾ ਦੇ ਮੰਗਤ ਰਾਏ ਭੀਖੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਮਜ਼ਦੂਰਾਂ ਨੂੰ ਮਿਹਨਤਾਨਾ ਦਿਵਾ ਕੇ ਇਨਸਾਫ਼ ਦਿੱਤਾ ਜਾਵੇ। ਜੇਕਰ ਮੁਲਜ਼ਮ ਖ਼ਿਲਾਫ਼ ਕਾਰਵਾਈ ਨਾ ਹੋਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।
ਲੇਬਰ ਕੋਰਟ ਪੁੱਜਿਆ ਮਾਮਲਾ
ਥਾਣਾ ਮੁਖੀ ਭੀਖੀ ਨੇ ਕਿਹਾ ਕਿ ਮਜ਼ਦੂਰ, ਕਿਸਾਨਾਂ ਦਾ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਪਰ ਪੈਸਿਆਂ ਦਾ ਮਾਮਲਾ ਉਹ ਹੱਲ ਨਹੀਂ ਕਰ ਸਕੇ ਇਹ ਕੇਸ ਲੇਬਰ ਕੋਰਟ ਮਾਨਸਾ ਕੋਲ ਚਲਾ ਗਿਆ ਹੈ।