ਖੇਤਰੀ ਪ੍ਰਤੀਨਿਧ
ਬਰਨਾਲਾ, 7 ਜੂਨ
ਸਾਬਕਾ ਸੈਨਿਕ ਵਿੰਗ, ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਫ਼ਿਲਮ ਨਿਰਮਾਤਾ ਏਕਤਾ ਕਪੂਰ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਵਿੰਗ ਦੇ ਸੂਬਾਈ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਸਿੱਧ ਫ਼ਿਲਮ ਨਿਰਮਾਤਾ ਏਕਤਾ ਕਪੂਰ ਵੱਲੋਂ ਵੈੱਬ ਸੀਰੀਜ਼ ‘ਟ੍ਰਿਪਲ ਐਕਸ 2’ ਬਣਾਇਆ ਗਿਆ ਹੈ, ਜਿਸ ਵਿਚ ਦਰਸਾਏ ਸੀਨ ਵਿਚ ਇਕ ਆਰਮੀ ਅਫ਼ਸਰ ਦੀ ਪਤਨੀ ਨੂੰ ਆਪਣੇ ਦੋਸਤ ਨਾਲ ਰੰਗਰਲੀਆਂ ਮਨਾਉਂਦੇ ਹੋਏ ਦਿਖਾਇਆ ਗਿਆ ਹੈ ਜਦੋਂ ਕੇ ਉਸ ਦਾ ਪਤੀ ਸਰਹੱਦ ‘ਤੇ ਆਪਣੀ ਡਿਊਟੀ ‘ਤੇ ਤਾਇਨਾਤ ਹੁੰਦਾ ਹੈ ਜੋ ਕਿ ਬੇਹੱਦ ਸ਼ਰਮਨਾਕ ਹੈ। ਸ੍ਰੀ ਸਿੱਧੂ ਨੇ ਦੱਸਿਆ ਇਸ ਸੀਨ ਵਿਚ ਵਰਦੀ ‘ਤੇ ਲੱਗੇ ਅਸ਼ੋਕਾ ਪਿੱਲਰ ਅਤੇ ਤਾਜ ਦਾ ਵੀ ਅਪਮਾਨ ਕੀਤਾ। ਏਕਤਾ ਕਪੂਰ ਦੇ ਇਸ ਸਸਤੇ ਐਕਟ ਨੇ ਫੌਜੀ ਵਰਦੀ ਦੀ ਬੇਇੱਜ਼ਤੀ ਕੀਤੀ ਹੈ। ਜੋ ਕਿ ਬਰਦਾਸ਼ਤਯੋਗ ਨਹੀਂ ਹੈ। ਇੰਜਨੀਅਰ ਸਿੱਧੂ ਨੇ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਕਤ ਵੈੱਬ ਸੀਰੀਜ਼ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਉਨ੍ਹਾਂ ਇਸ ਸਬੰਧ ਵਿੱਚ ਇਕ ਸ਼ਿਕਾਇਤ ਥਾਣਾ ਸਿਟੀ 2 ਬਰਨਾਲਾ ਵਿੱਚ ਐੱਸਐੱਚਓ ਨੂੰ ਏਕਤਾ ਕਪੂਰ ਅਤੇ ਹੋਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਿੱਤੀ ਹੈ ਅਤੇ ਰੋਸ ਵਜੋਂ ਏਕਤਾ ਕਪੂਰ ਦਾ ਪੁਤਲਾ ਵੀ ਫੂਕਿਆ।