ਸ਼ਗਨ ਕਟਾਰੀਆ
ਬਠਿੰਡਾ, 26 ਨਵੰਬਰ
ਜ਼ਿਲ੍ਹਾ ਦੇ ਪਿੰਡ ਨੰਦਗੜ੍ਹ ਦੇ ਆਦਰਸ਼ ਸਕੂਲ ਦੀ ਪਿ੍ੰਸੀਪਲ ਦੀ ਬਦਲੀ ਖ਼ਿਲਾਫ਼ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪਿੰਡ ਦੇ ਲੋਕਾਂ ਨੇ ਰੋਸ ਵਿਖਾਵਾ ਕੀਤਾ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ’ਚ ਹੋਏ ਇਸ ਪ੍ਰਦਰਸ਼ਨ ਵਿੱਚ ਪਿੰਡ ਵਾਸੀ, ਸਕੂਲ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਪੁੱਜੇ। ਕਿਸਾਨ ਆਗੂ ਕੁਲਵੰਤ ਰਾਏ ਸ਼ਰਮਾ ਨੇ ਦੱਸਿਆ ਕਿ ਇੱਕ ਰਾਜਨੀਤਕ ਆਗੂ ਵੱਲੋਂ ਪ੍ਰਿੰਸੀਪਲ ਅਮਨਦੀਪ ਕੌਰ ਦੀ ਬਦਲੀ 29 ਅਕਤੂਬਰ ਨੂੰ ਪਿੰਡ ਭਾਗੂ ਦੇ ਸਕੂਲ ਵਿਚ ਕਰਵਾ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਿਆਸੀ ਨੇਤਾ ਸਲਾਮ ਦਾ ਭੁੱਖਾ ਹੈ ਅਤੇ ਪ੍ਰਿੰਸੀਪਲ ਨੂੰ ਅਜਿਹੀ ਖ਼ੁਸ਼ਾਮਦਗੀਰੀ ਪਸੰਦ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਨੇਤਾ ਪਿੰਡ ਨੰਦਗੜ੍ਹ ਦੇ ਹੀ ਕਿਸੇ ਸਿਆਸੀ ਰਸੂਖ਼ ਵਾਲੇ ਵਿਅਕਤੀ ਨੂੰ ਸਕੂਲ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਥਾਪਣਾ ਲੋਚਦਾ ਸੀ ਪਰ ਪ੍ਰਿੰਸੀਪਲ ਦੀ ਇੱਛਾ ਰਹੀ ਕਿ ਜਾਰੀ ਦਸਤੂਰ ਮੁਤਾਬਿਕ ਵਿਦਿਆਰਥੀਆਂ ਦੇ ਮਾਪਿਆਂ ’ਚੋਂ ਹੀ ਕੋਈ ਇਸ ਜ਼ਿੰਮੇਵਾਰੀ ਵਾਲੇ ਅਹੁਦੇ ’ਤੇ ਰਹੇ। ਉਨ੍ਹਾਂ ਪ੍ਰਿੰਸੀਪਲ ਦੀ ਅਨੁਸ਼ਾਸਨਮਈ ਤੇ ਦੂਰਦਰਸ਼ੀ ਸੋਚ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸੇ ਕਰਕੇ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ 900 ਤੋਂ ਟੱਪ ਗਈ ਹੈ। ਪ੍ਰਦਰਸ਼ਨ ਦੌਰਾਨ ਵਿਖਾਵਾਕਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਿੰਸੀਪਲ ਦੀ ਬਦਲੀ ਰੱਦ ਹੋਣ ਦੀ ਸੂਚਨਾ ਦਿੰਦਿਆਂ ਦੱਸਿਆ ਗਿਆ ਕਿ ਸਿੱਖਿਆ ਵਿਭਾਗ ਵੱਲੋਂ ਬਕਾਇਦਾ ਲਿਖ਼ਤੀ ਸੂਚਨਾ ਈ-ਮੇਲ ਸਬੰਧਿਤ ਸਕੂਲ ਨੂੰ ਭੇਜ ਦਿੱਤੀ ਗਈ ਹੈ। ਇਸ ਤੋਂ ਬਾਅਦ ਵਿਖਾਵਾਕਾਰੀਆਂ ਨੇ ਪ੍ਰਦਰਸ਼ਨ ਖਤਮ ਕਰ ਦਿੱਤਾ।