ਪੱਤਰ ਪ੍ਰੇਰਕ
ਬਰੇਟਾ, 1 ਸਤੰਬਰ
ਇਥੇ ਸਰਕਾਰੀ ਹਸਪਤਾਲ (ਕਮਿਉਨਿਟੀ ਹੈਲਥ ਸੈਂਟਰ) ਜਿਸ ਦੀ ਇਮਾਰਤ ਕਰੋੜਾਂ ਰੁਪਏ ਨਾਲ ਬਣੀ ਹੈ ਪਰ ਡਾਕਟਰਾਂ ਤੇ ਸਟਾਫ ਦੀ ਘਾਟ ਕਾਰਨ ਕਬੂਤਰਖਾਨਾ ਬਣਨ ਦੇ ਮੁੱਦੇ ’ਤੇ ਰੋਸ ਪ੍ਰਗਟ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਹੋਰਾਂ ਵੱਲੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਹਸਪਤਾਲ ਪੁੱਜਣ ’ਤੇ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਕਿ ਮਲਟੀ ਸ਼ਪੈਲਿਸਟ ਹਸਪਤਾਲ ਹੋਵੇ ਪਰ ਅੰਦਰ ਜਾ ਕੇ ਇੱਕ ਕਬੂਤਰਖਾਨਾ ਹੀ ਲੱਗਦਾ ਹੈ। ਇਸ ਹਸਪਤਾਲ ਲਈ ਮਨਜੂਰ 8 ਪੋਸਟਾਂ ਵਿੱਚੋਂ ਸਿਰਫ ਇੱਕ ਹੀ ਡਾਕਟਰ ਨਾਲ ਬੁੱਤਾ ਸਾਰਿਆ ਜਾ ਰਿਹਾ ਹੈ। 7 ਸਟਾਫ ਨਰਸਾਂ ਦੀਆਂ ਪੋਸਟਾਂ ਵਿੱਚੋਂ ਸਿਰਫ 2 ਸਟਾਫ ਨਰਸਾਂ ਦੀਆਂ ਪੋਸਟਾਂ ਦੀ ਥਾਂ ਸਿਰਫ 2 ਨਰਸਾਂ ਨਾਲ ਐਮਰਜੈਂਸੀ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਨਰਸ ਜਸਪ੍ਰੀਤ ਕੌਰ ਨੂੰ ਵੀ ਬੁਢਲਾਡਾ ਭੇਜਣ ਕਾਰਨ ਡਾਟ ਕਲੀਨਿਕ ਬੰਦ ਰਿਹਾ। ਐੱਸਐੱਮਓ ਨੇ ਕਿਹਾ ਕਿ ਡਾ. ਸਿਮਰਪ੍ਰੀਤ ਸਿੰਘ ਦੀ ਡਿਊਟੀ ਮਾਨਸਾ ਜੇਲ੍ਹ ’ਚ ਲਗਾਈ ਗਈ ਹੈ ਤੇ ਡਾ. ਗੌਤਮ ਨੂੰ ਬਰੇਟਾ ਭੇਜਿਆ ਜਾ ਰਿਹਾ ਹੈ ਪਰ ਸਟਾਫ ਨਰਸ ਤੇ ਵਾਰਡ ਅਟੈਂਡੈਂਟ ਬਾਰੇ ਕੁਝ ਨਹੀਂ ਦੱਸਿਆ ਗਿਆ। ਕਿਸਾਨ ਆਗੂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਮੁਹੱਲਾ ਕਲੀਨਿਕਾਂ ਦੀ ਗੱਲ ਕਰਕੇ ਵਾਹ ਵਾਹ ਖੱਟ ਰਹੀ ਹੈ ਪਰ ਦੂਜੇ ਪਾਸੇ ਹਸਪਤਾਲਾਂ ਦੀ ਕੋਈ ਸਾਰ ਨਹੀਂ ਲੈ ਰਿਹਾ।