ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਗਸਤ
ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਪਿੰਡ ਸੁਰਾਣਾ ਵਿੱਚ ਇੱਕ ਸਕੂਲ ਦੇ ਤੀਜੀ ਜਮਾਤ ਦੇ ਨੌਂ ਸਾਲਾ ਵਿਦਿਆਰਥੀ ਦੀ ਮੌਤ ਦੇ ਮਾਮਲੇ ਦਾ ਵਿਰੋਧ ਹੁਣ ਪੰਜਾਬ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ ਹੈ। ਮਾਨਸਾ ਵਿੱਚ ਅੱਜ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਵਿਦਿਆਰਥੀ ਦੀ ਇੱਕ ਘੜੇ ’ਚੋਂ ਪਾਣੀ ਪੀਣ ਨੂੰ ਲੈ ਕੇ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਗਈ ਕਿ ਵਿਦਿਆਰਥੀ ਨੂੰ ਕੁੱਟਣ ਵਾਲੇ ਅਧਿਆਪਕ ਨੂੰ ਬੇਸ਼ੱਕ ਪੁਲੀਸ ਵੱਲੋਂ ਫੜ ਲਿਆ ਗਿਆ ਹੈ, ਪਰ ਉਸ ਖ਼ਿਲਾਫ਼ ਅਜਿਹੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ ਕਿ 21ਵੀਂ ਸਦੀ ਦੇ ਸਕੂਲਾਂ ਵਿੱਚ ਮੁੜ ਅਜਿਹੀ ਘਟਨਾ ਨਾ ਵਾਪਰੇ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਇਸ ਜਾਤੀ ਜ਼ਬਰ ਖਿਲਾਫ਼ ਪੂਰੇ ਦੇਸ਼ ਦੇ ਦਲਿਤ ਸਮਾਜ ਨੂੰ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਦੇਸ਼ ਵਿੱਚ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਮਨਾਏ ਜਾ ਰਹੇ ਹਨ, ਦੂਜੇ ਪਾਸੇ ਅਣਭੋਲ ਬੱਚਿਆਂ ਨੂੰ ਘੜੇ ਦੇ ਹੱਥ ਲਾਉਣ ਲਈ ਇੱਕ ਅਧਿਆਪਕ ਵੱਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਸੀਪੀਆਈ (ਐੱਮ.ਐੱਲ.) ਲਬਿਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅੱਜ ਸਮੂਹ ਕਿਰਤੀ ਲੋਕਾਂ ਵੱਲੋਂ ਸਮਾਜ ਨੂੰ ਬਦਲਣ ਲਈ ਇਕਮੁੱਠਤਾ ਨਾਲ ਇਸ ਫਾਸ਼ੀਵਾਦੀ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ, ਜਿਸ ਨਾਲ ਇਸ ਦਾ ਤਖ਼ਤਾ ਪਲਟ ਕਰ ਸਕੀਏ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਹੁਣ ਆਪਸੀ ਇਕਮੁੱਠਤਾ ਨਾਲ ਇਸ ਮਨੂਵਾਦੀ ਰਾਜ ਪ੍ਰਬੰਧ ਖਿਲਾਫ਼ ਜੰਗ ਛੇੜਨ ਦੀ ਲੋੜ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਲਈ ਕਸੂਰਵਾਰ ਲੋਕਾਂ ਖਿਲਾਫ਼ ਮੁਹਿੰਮ ਵਿੱਢੀ ਜਾਵੇ। ਇਸ ਮੌਕੇ ਵਿਜੈ ਕੁਮਾਰ ਭੀਖੀ, ਜੀਤ ਸਿੰਘ ਬੋਹਾ, ਗੁਰਵਿੰਦਰ ਨੰਦਗੜ੍ਹ, ਪ੍ਰਦੀਪ ਗੁਰੂ, ਗੁਲਾਬ ਸਿੰਘ ਖੀਵਾ ਤੇ ਮੇਲਾ ਹੀਰੋ ਨੇ ਵੀ ਸੰਬੋਧਨ ਕੀਤਾ।