ਪੱਤਰ ਪ੍ਰੇਰਕ
ਭੁੱਚੋ ਮੰਡੀ, 9 ਸਤੰਬਰ
ਸੀਵਰੇਜ ਓਵਰਫਲੋਅ ਹੋਣ ਕਾਰਨ ਗੁਰੂ ਅਰਜਨ ਦੇਵ ਨਗਰ ਦੇ ਵਾਰਡ ਨੰਬਰ 8 ਦੀਆਂ ਗਲੀਆਂ ਵਿੱਚ ਗੰਦਾ ਪਾਣੀ ਭਰ ਜਾਣ ਕਾਰਨ ਪ੍ਰੇਸ਼ਾਨ ਵਾਰਡ ਵਾਸੀਆਂ ਨੇ ਨਗਰ ਕੌਂਸਲ ਖ਼ਿਲਾਫ਼ ਰੋਸ ਵਿਖਾਵਾ ਕੀਤਾ ਅਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗਗਨਦੀਪ ਸਿੰਘ, ਅਮਰਜੀਤ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਕੌਰ, ਅਮਰਜੀਤ ਕੌਰ ਤੇ ਬਲਵਿੰਦਰ ਕੌਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਵਾਰ ਵਾਰ ਪੈਦਾ ਹੋ ਰਹੀ ਇਸ ਸਮੱਸਿਆ ਦਾ ਨਗਰ ਕੌਂਸਲ ਨੇ ਕੋਈ ਠੋਸ ਪ੍ਰਬੰਧ ਨਹੀਂ ਕੀਤਾ। ਇਸ ਕਾਰਨ ਲੋਕਾਂ ਨੂੰ ਘਰਾਂ ਵਿੱਚ ਜਾਣ ਆਉਣ ਮੌਕੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਬੁਦਬੂ ਕਾਰਨ ਘਰਾਂ ਵਿੱਚ ਬੈਠਣਾ ਦੁੱਭਰ ਹੋ ਗਿਆ ਹੈ। ਲੋਕਾਂ ਨੇ ਵਾਰਡ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
ਇਸ ਸਬੰਧੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਗੋਲਣ ਨੇ ਦੱਸਿਆ ਕਿ ਗਾਰ ਫਸਣ ਕਾਰਨ ਦੋ ਨੰਬਰ ਡੱਗ ਤੋਂ ਤਿੰਨ ਨੰਬਰ ਡੱਗ ਵਿੱਚ ਪਾਣੀ ਜਾਣਾ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੱਛੀ ਮੋਟਰ ਰਾਹੀਂ ਡੱਗਾਂ ਦੇ ਉੱਪਰੋਂ ਦੀ ਪਾਣੀ ਦੀ ਨਿਕਾਸੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।