ਪਰਮਜੀਤ ਸਿੰਘ
ਫਾਜ਼ਿਲਕਾ, 25 ਮਾਰਚ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ’ਚ ਲੱਗਣ ਵਾਲੀ ਸ਼ਰਾਬ ਫੈਕਟਰੀ ਦੇ ਵਿਰੋਧ ’ਚ ਬੀਤੇ 39 ਦਿਨਾਂ ਤੋਂ ਅਬੋਹਰ-ਫਾਜ਼ਿਲਕਾ ਹਾਈਵੇਅ ’ਤੇ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ ਅਤੇ ਲਗਭਗ 32 ਪਿੰਡਾਂ ਦੇ ਵਾਸੀ ਲਗਾਤਾਰ ਧਰਨੇ ’ਤੇ ਡਟੇ ਹੋਏ ਹਨ। ਉੱਥੇ ਹੁਣ ਪਿੰਡਾਂ ਦੇ ਵਾਸੀਆਂ ਨੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ ਜਿਸ ਦੇ ਤਹਿਤ ਅੱਜ ਔਰਤਾਂ, ਆਦਮੀਆਂ ਤੋਂ ਇਲਾਵਾ ਬੱਚੇ ਵੀ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਕਿਸਾਨ ਅਨਿਲ ਕੁਮਾਰ ਝੀਂਝਾ, ਵਿਕਾਸ ਝੀਂਝਾ, ਅਸ਼ਵਨੀ ਕੁਮਾਰ ਸਵਾਮੀ, ਸਤਪਾਲ ਸ਼ਰਮਾ, ਹੀਰਾਂ ਵਾਲੀ ਦੇ ਸਰਪੰਚ ਅਨਿਲ ਕੁਮਾਰ, ਬਲਰਾਮ ਸੁਥਾਰ, ਭੋਭਾ ਰਾਮ ਆਦਿ ਨੇ ਕਿਹਾ ਕਿ ਜਿੱਥੇ 15 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸ਼ਰਾਬ ਫੈਕਟਰੀ ਦੇ ਵਿਰੋਧ ’ਚ ਪ੍ਰਸਤਾਵ ਪਾਸ ਕੀਤਾ ਹੋਇਆ ਹੈ, ਉੱਥੇ ਹੁਣ ਲਗਪੱਗ 32 ਪਿੰਡਾਂ ਦੇ ਲੋਕ ਇਸ ਫੈਕਟਰੀ ਦੇ ਨਿਰਮਾਣ ਕੰਮ ਦੇ ਵਿਰੋਧ ’ਚ ਆ ਗਏ ਹਨ। ਉਨ੍ਹਾਂ ਕਿਹਾ ਰੋਸ ਪ੍ਰਦਰਸ਼ਨ ਦੇ ਬਾਵਜੂਦ ਫੈਕਟਰੀ ਦੇ ਨਿਰਮਾਣ ਦੇ ਕੰਮ ਨੂੰ ਰੋਕਿਆ ਨਹੀਂ ਜਾ ਰਿਹਾ। ਅੱਜ ਪਿੰਡ ਬੇਗਾਂ ਵਾਲੀ ਵਾਸੀ ਬ੍ਰਿੱਜ ਲਾਲ ਸਵਾਮੀ, ਪ੍ਰਿਥੀ ਰਾਜ ਚੌਹਾਨ, ਨੰਦ ਰਾਮ, ਹੰਸ ਰਾਜ ਕੰਬੋਜ, ਹੰਸ ਰਾਜ ਪਠਾਨ, ਵਰਸ਼ਾ ਰਾਣੀ, ਸਰੋਜ, ਗੁਰਮੀਤ ਕੌਰ, ਧਰਮੋ ਬਾਈ ਅਤੇ ਪਿੰਡ ਹੀਰਾਂ ਵਾਲੀ ਵਾਸੀ ਸ਼ਕੁੰਤਲਾ ਭੁੱਖ ਹੜਤਾਲ ’ਤੇ ਬੈਠੇ।