ਨਰੰਜਣ ਬੋਹਾ
ਬੋਹਾ, 25 ਦਸੰਬਰ
ਗਰੀਬ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਮੁਫਤ ਮਕਾਨ ਬਣਾਉਣ ਦੀ ਸਕੀਮ ਨੂੰ ਘੁਣ ਲਗਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਇਲਾਕੇ ਦੇ ਪਿੰਡ ਆਲਮਪੁਰ ਮੰਦਰਾਂ ਵਿੱਚ ਪੀੜਤ ਪਰਿਵਾਰਾਂ ਨੇ ਇਕੱਠੇ ਹੋ ਕੇ ਏਡੀਸੀ ਵਿਕਾਸ ਮਾਨਸਾ ਨੂੰ ਲਿਖਤੀ ਸ਼ਿਕਾਇਤ ਕਰ ਕੇ ਆਵਾਸ ਯੋਜਨਾ ਹੇਠ ਆਉਣ ਵਾਲੇ ਮਕਾਨਾਂ ਦੀ ਨਵੇਂ ਸਿਰਿਓਂ ਪੜਤਾਲ ਕਰਨ ਦੀ ਬੇਨਤੀ ਕੀਤੀ ਹੈ। ਪਿੰਡ ਦੇ ਵਸਨੀਕ ਜਥੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਆਵਾਸ ਯੋਜਨਾ ਤਹਿਤ 87 ਘਰਾਂ ਦੀ ਲਿਸਟ ਆਈ ਸੀ। ਪੰਚਾਇਤ ਨੇ ‘ਗਲਤ’ ਸਰਵੇਖਣ ਕਰਵਾ ਕੇ ਗਰੀਬਾਂ ਅਤੇ ਲੋੜਵੰਦਾਂ ਦੇ ਮਕਾਨ ਕਟਵਾ ਕੇ ਆਪਣੇ ਚਹੇਤਿਆਂ ਅਤੇ ਸਰਮਾਏਦਾਰਾਂ ਨੂੰ ਲਿਸਟ ਵਿੱਚ ਰੱਖ ਕੇ ਮਤਾ ਭੇਜ ਦਿੱਤਾ ਹੈ। ਇਸ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਅਜੈਬ ਸਿੰਘ ਅਤੇ ਪੰਚਾਇਤ ਮੈਂਬਰਾਂ ’ਤੇ ਮਕਾਨ ਪਵਾਉਣ ਬਦਲੇ ਰਿਸ਼ਵਤ ਮੰਗਣ ਦਾ ਦੋਸ਼ ਵੀ ਲਾਇਆ ਗਿਆ। ਏਡੀਸੀ ਵਿਕਾਸ ਅਮਰਪ੍ਰੀਤ ਕੌਰ ਨੇ ਇਸ ਸਬੰਧੀ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਗਰੀਬਾਂ ਤਕ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਹਨ। ਇਸ ਸਬੰਧੀ ਜਲਦੀ ਹੀ ਪੜਤਾਲ ਕਰਨ ਲਈ ਜੇਈ ਦੀ ਡਿਊਟੀ ਲਗਾਈ ਜਾਵੇਗੀ।
ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਸਰਪੰਚ
ਸਰਪੰਚ ਅਜੈਬ ਸਿੰਘ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰ ਰਹੇ ਹਨ। ਮਕਾਨ ਕੱਟਣ ਸਬੰਧੀ ਪਾਏ ਗਏ ਮਤੇ ਬਾਰੇ ਉਨ੍ਹਾਂ ਕਿਹਾ ਕਿ ਜੋ ਕੀਤਾ ਹੈ ਉਹ ਸਕੱਤਰ ਨੂੰ ਹੀ ਪਤਾ ਹੈ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਪੰਚਾਇਤ ਸਕੱਤਰ ਵਿਨੀਤ ਕੁਮਾਰ ਨੇ ਕਿਹਾ ਕਿ ਸਰਪੰਚ ਅਤੇ ਪੰਚਾਇਤ ਨੇ ਸਰਵੇਖਣ ਕਰਵਾਇਆ ਹੈ ਅਤੇ ਲਿਸਟ ਪੜ੍ਹ ਕੇ ਯੋਗ ਅਤੇ ਅਯੋਗ ਕਰਾਰ ਦਿੱਤੇ ਗਏ ਹਨ।