ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਪਰੈਲ
ਪੰਜਾਬ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਸੂਕਲਾਂ/ਕਾਲਜਾਂ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਸ਼ਹਿਰ ਵਿੱਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਮਾਰਚ ਸੈਂਟਰਲ ਪਾਰਕ ਤੋਂ ਸ਼ੁਰੂ ਕਰਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੱਕ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ, ਪਰ ਸਕੂਲ-ਕਾਲਜ ਬੰਦ ਹਨ, ਅਜਿਹੀ ਉਦਾਹਰਨ ਹੋਰ ਕਿੱਧਰੇ ਨਹੀਂ ਮਿਲਦੀ। ਰੈਲੀ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਕਾਲੇ ਕਾਨੂੰਨਾਂ ਕਰਕੇ ਪੂਰੇ ਦੇਸ਼ ਸਾਹਮਣੇ ਆ ਚੁੱਕਿਆ ਹੈ। ਯੂਥ ਵਿੰਗ ਦੇ ਆਗੂ ਸੁਖਦੇਵ ਸੁੱਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਯੰਕਤ ਮੋਰਚੇ ਦੇ ਸੱਦੇ ਤਹਿਤ ਪਿੰਡ ਪਿੰਡ ਨੌਜਵਾਨਾਂ ਦੀਆਂ ਇੱਕੀ ਇੱਕੀ ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਜਿਹੜੀਆਂ ਸੱਤਾ ਧਾਰੀ ਰਾਜਨੀਤਕ ਪਾਰਟੀਆਂ ਨੂੰ ਵੋਟਾਂ ਵੇਲੇ ਕੀਤੇ ਵਾਅਦਿਆਂ ਨੂੰ ਲੋਕਾਂ ਸਾਹਮਣੇ ਜਵਾਬ ਦੇਣ ਲਈ ਮਜਬੂਰ ਕਰਨਗੀਆਂ।
ਬੋਹਾ (ਨਿਰੰਜਨ ਬੋਹਾ): ਕਰੋਨਾ ਦੇ ਪਰਦੇ ਹੇਠ ਇੱਕ ਵਾਰ ਫਿਰ ਸਕੂਲ ਬੰਦ ਕੀਤੇ ਜਾਣ ਕਾਰਨ ਬੋਹਾ ਖੇਤਰ ਦੇ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ ਨੇੜਲੇ ਪਿੰਡ ਹਾਕਮਵਾਲਾ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆ ਵੱਲੋਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਗੁਰਮੇਲ ਸਿੰਘ ਮੇਲਾ, ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਆਗੂ ਜਗਬੀਰ ਸਿੰਘ ਹਾਕਮਵਾਲਾ, ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਆਗੂ ਜਗਤਾਰ ਸਿੰਘ ਤਾਰਾ ਆਦਿ ਨੇ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ, ਕਿਉ ਕਿ ਇਸ ਨਾਲ ਸਕੂਲੀ ਬੱਚਿਆ ਨੂੰ ਸਿੱਖਿਆਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਕੋਈ ਆਮਦ ਹੁੰਦੀ ਤਾਂ ਦਿੱਲੀ ਦੇ ਸੰਘਰਸ਼ ਵਿਚ ਕਿੰਨੇ ਹੀ ਕਿਸਾਨ ਜੁੜੇ ਹੋਏ ਹਨ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਸ਼ਰੇਆਮ ਰੈਲੀਆਂ ਕਰ ਰਹੀਆਂ ਹਨ। ਜੇ ਲੱਖਾਂ ਲੋਕਾਂ ਦੇ ਇੱਕਠ ਵਾਲੀਆਂ ਸਿਆਸੀ ਰੈਲੀਆਂ ਤੇ ਕਰੋਨਾ ਦਾ ਅਸਰ ਨਹੀਂ ਤਾਂ ਸਕੂਲ ਬੰਦ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਕਿਉਂ ਖਿਲਵਾੜ ਕੀਤਾ ਜਾ ਰਿਹਾ ਹੈ। ਮਾਪਿਆਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਕੂਲ ਬੰਦ ਕਰਨ ਦਾ ਫ਼ੈਸਲਾ ਨਾ ਬਦਲਿਆ ਤਾਂ ਮਾਪੇ ਖ਼ੁਦ ਆਪਣੀ ਜਿੰਮੇਵਾਰੀ ’ਤੇ ਸਕੂਲ ਖੁਲ੍ਹਵਾਉਣਗੇ ਅਤੇ ਬੱਚਿਆਂ ਨੂੰ ਸਕੂਲ ਭੇਜਣਗੇ।
ਹੰਡਿਆਇਆ (ਕੁਲਦੀਪ ਸੂਦ): ਪਿੰਡ ਖੁੱਡੀ ਖੁਰਦ ਵਿੱਚ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਦੁੁਆਰਾ ਕਰੋਨਾ ਦੌਰਾਨ ਪਾਬੰਦੀਆਂ ਵਧਾਉਂਦੇ ਹੋਏ ਵਿੱਦਿਅਕ ਸੰਸਥਾਵਾਂ 10 ਅਪਰੈਲ ਤੱਕ ਬੰਦ ਰੱਖਣ ਖ਼ਿਲਾਫ਼ ਰੋਸ ਹਫ਼ਤਾ ਮਨਾਉਣ ਤਹਿਤ ਪਿੰਡ ਦੀ ਪੰਚਾਇਤ ਅਤੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਪਿੰਡ ਵਿੱਚ ਰੈਲੀ ਕਰਕੇ ਕੈਪਟਨ ਸਰਕਾਰ ਦਾ ਪੁੁਤਲਾ ਫੂਕਿਆ ਗਿਆ। ਸੰਬੋਧਨ ਕਰਦਿਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਮਨਜੀਤ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਮਨਵੀਰ ਬੀਹਲਾ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਬਹਾਨੇ ਵਿੱਦਿਅਕ ਸੰਸਥਾਵਾਂ ਬੰਦ ਕਰਨਾ ਜਾਰੀ ਰੱਖਕੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰਿਆਂ ’ਤੇ ਨਵੀਂ ਸਿੱਖਿਆ ਨੀਤੀ ਲਾਗੂ ਕਰਨਾ ਚਾਹੁੰਦੀ ਹੈ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜਿਸਨੂੰ ਪੰਜਾਬ ਦੇ ਵਿਦਿਆਰਥੀ ਤੇ ਅਧਿਆਪਕ ਬਰਦਾਸ਼ਤ ਨਹੀਂ ਕਰਨਗੇ।
ਬਰੇਟਾ (ਸੱਤਪ੍ਰਕਾਸ਼ ਸਿੰਗਲਾ): ਸਥਾਨਕ ਗੁਰੂ ਨਾਨਕ ਦੇਵ ਵੈਨ ਐਸੋਸੀਏਸਨ ਬਰੇਟਾ, ਬੁਢਲਾਡਾ, ਬੋਹਾ ਦੇ ਸੱਦੇ ’ਤੇ ਇਲਾਕੇ ਦੇ ਸਮੂਹ ਸਕੂਲਾਂ ਪ੍ਰਾਈਵੇਟ ਵੈਨ ਚਾਲਕਾਂ, ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਪੰਜਾਬ ਸਰਕਾਰ ਵੱਲੋ ਕਰੋਨਾ ਦੀ ਆੜ ਹੇਠ ਬੰਦ ਕੀਤੇ ਗਏ ਸਕੂਲ ਬੰਦ ਰੱਖਣ ਦੇ ਰੋਸ ਵਿੱਚ ਇੱਕ ਰੋਸ ਰੈਲੀ ਕੀਤੀ ਗਈ ਜੋ ਗੁਰਦੁਆਰਾ ਪਿੰਡ ਬਰੇਟਾ ਤੋਂ ਸ਼ੁਰੂ ਹੋ ਕੇ ਜਲਵੇੜ੍ਹਾ ਫਾਟਕ ਹੁੰਦੇ ਹੋਏ ਕੈਂਚੀਆਂ ਗਈ ਅਤੇ ਵਾਪਸ ਕ੍ਰਿਸ਼ਨਾ ਮੰਦਿਰ ਕੁਲਰੀਆ ਫਾਟਕ ਹੁੰਦੇ ਹੋਏ ਵਾਪਸ ਗੁਰਦੁਆਰੇ ਪੁੱਜੀ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕਰੋਨਾ ਦੇ ਕੇਸ ਵਧਣ ਦੇ ਬਹਾਨੇ ਹੇਠ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਮੁੜ ਬੰਦ ਕਰਨ ਦੇ ਦਿੱਤੇ ਹੁਕਮਾਂ ਖ਼ਿਲਾਫ਼ ਸਕੂਲਾਂ ਕਾਲਜਾਂ ਨੂੰ ਖੋਲਣ ਲਈ ਪੰਜਾਬ ਪੱਧਰ ਤੇ 9 ਜਥੇਬੰਦੀਆਂ ਦੇ ਬਣੇ ਸਾਂਝਾ ਥੜ੍ਹਾ ਦੇ ਸੱਦੇ ਤਹਿਤ ਅੱਜ ਵਿਦਿਆਰਥੀ ਏਕਤਾ ਕਮੇਟੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਨੇੜ੍ਹਲੇ ਪਿੰਡਾਂ ਵਿਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਪਿੰਡ ਢਪਾਲੀ , ਪੂਹਲੀ ਤੇ ਮਹਿਰਾਜ ਵਿਖੇ ਰੋਸ ਪ੍ਰਦਰਸ਼ਨ ਕੀਤੇ ਗਏ।