ਪਰਮਜੀਤ ਸਿੰਘ
ਫਾਜ਼ਿਲਕਾ, 1 ਮਾਰਚ
ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ’ਚ ਲੱਗਣ ਵਾਲੀ ਸ਼ਰਾਬ ਫੈਕਟਰੀ ਦੇ ਵਿਰੋਧ ’ਚ 15 ਦਿਨਾਂ ਤੋਂ 25 ਪਿੰਡਾਂ ਦੇ ਵਾਸੀ ਧਰਨੇ ’ਤੇ ਡਟੇ ਹੋਏ ਹਨ। ਮਰਦ ਅਤੇ ਔਰਤਾਂ ਹਰ ਰੋਜ਼ ਭੁੱਖ ਹੜਤਾਲ ’ਤੇ ਬੈਠ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਹੀਰਾਂ ਵਾਲੀ ਦੇ ਸਰਪੰਚ ਅਨਿਲ ਕੁਮਾਰ, ਵਿਕਰਮ ਝੀਂਝਾ, ਗੌਰਵ ਝੀਂਝਾ, ਬਲਰਾਮ ਕੁਮਾਰ, ਰਵੀ ਭਾਂਭੂ ਤੇ ਸੁਰਿੰਦਰ ਝੀਂਝਾ ਨੇ ਦੱਸਿਆ ਕਿ ਉਕਤ ਸ਼ਰਾਬ ਫੈਕਟਰੀ ਦੇ ਵਿਰੋਧ ’ਚ 25 ਪਿੰਡਾਂ ਦੀਆਂ ਪੰਚਾਇਤਾਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਸਬੰਧ ’ਚ ਪਿੰਡਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ ਇਸ ਸ਼ਰਾਬ ਫੈਕਟਰੀ ਦੇ ਇੱਥੇ ਲੱਗਣ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਅੱਜ ਦੀ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿੱਚ ਸਨੇਹਾ, ਸਲੋਨੀ, ਨਵੀਸ਼ਾ, ਸਾਕਸ਼ੀ, ਮਾਨਵੀ, ਅਨਮੋਲ, ਪਰਮੇਸ਼ਵਰੀ, ਸੰਤੋਸ਼, ਸੰਜੂ, ਪੁਸ਼ਪਾ, ਬਿਮਲਾ ਦੇਵੀ, ਸੇਰਾ ਦੇਵੀ, ਬਸਤੀ ਰਾਮ, ਭਾਦਰ ਰਾਮ, ਦਲੀਪ ਰਾਮ, ਖੁਸ਼ਹਾਲ ਜਾਗੂ ਤੇ ਹੰਸ ਜਾਗੂ ਸ਼ਾਮਲ ਹਨ।
ਠੇਕਾ ਬੰਦ ਕਰਵਾਉਣ ਲਈ ਲਾਮਬੰਦੀ
ਬੁਢਲਾਡਾ (ਨਿੱਜੀ ਪੱਤਰ ਪ੍ਰੇਰਕ): ਪਿੰਡ ਦੋਦੜਾ ਵਾਸੀਆਂ ਨੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਸ਼ੁਰੂ ਕੀਤਾ ਸੰਘਰਸ਼ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਮੰਗ ਨੂੰ ਲੈ ਕੇ ਪਿੰਡ ਦੀਆਂ ਸਮੂਹ ਗਰੂ ਘਰ ਕਮੇਟੀਆਂ, ਕਲੱਬਾ ਅਤੇ ਗ੍ਰਾਮ ਪੰਚਾਇਤ ਨੁਮਾਇੰਦਿਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪਿੰਡ ਦੀ ਦੇਸ਼ ਵਿਦੇਸ਼ ਵਿੱਚ ਧਾਰਮਿਕ ਮਹੱਤਤਾ ਨੂੰ ਦੇਖਦਿਆਂ ਪਿੰਡ ਅੰਦਰ ਠੇਕਾ ਨਹੀਂ ਚੱਲਣ ਦੇਣਗੇ। ਬੁਲਾਰਿਆ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਕਰ ਤੇ ਆਬਾਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੇ ਆਪਣੇ ਪੱਤਰਾਂ ਵਿੱਚ ਨਵੇਂ ਸੈਸ਼ਨ 2021-22 ਲਈ ਇਸ ਪਿੰਡ ਦੇ ਠੇਕੇ ਵਾਸਤੇ ਟੈਂਡਰ ਨਾ ਦੇਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਨਵੇਂ ਸੈਸ਼ਨ ਤੋਂ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕਰੇਗੀ ਤਾਂ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾਵੇਗਾ।