ਪਰਮਜੀਤ ਸਿੰਘ
ਫਾਜ਼ਿਲਕਾ, 16 ਫਰਵਰੀ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ’ਚ ਲੱਗਣ ਵਾਲੀ ਸ਼ਰਾਬ ਫੈਟਰੀ ਦੇ ਵਿਰੋਧ ’ਚ 14 ਪਿੰਡਾਂ ਦੇ ਲੋਕਾਂ ਨੇ ਅੱਜ ਦੂਸਰੇ ਦਿਨ ਵੀ ਫਾਜ਼ਿਲਕਾ-ਅਬੋਹਰ ਹਾਈਵੇਅ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਰੋਸ ਪ੍ਰਦਰਸ਼ਨ ਦੌਰਾਨ ਬੇਗਾਂ ਵਾਲੀ, ਹੀਰਾਂ ਵਾਲੀ, ਖੂਈਖੇੜਾ, ਕਿੱਕਰਵਾਲੀ, ਕਬੂਲਸ਼ਾਹ, ਰਾਮਕੋਟ, ਬੋਦੀਵਾਲਾ, ਸ਼ਤੀਰਵਾਲਾ, ਢਾਬਾਂ, ਕੇਰੀਆਂ ਅਤੇ ਹੋਰਨਾਂ ਪਿੰਡਾਂ ਦੇ ਵਾਸੀਆਂ ਅਤੇ ਕਿਸਾਨ ਅਨਿਲ ਕੁਮਾਰ ਝੀਂਝਾ, ਵਿਕਾਸ ਝੀਂਝਾ, ਅਸ਼ਵਨੀ ਕੁਮਾਰ ਸਵਾਮੀ, ਸਤਪਾਲ ਸ਼ਰਮਾ, ਹੀਰਾਂ ਵਾਲੀ ਦੇ ਸਰਪੰਚ ਅਨਿਲ ਕੁਮਾਰ, ਬਲਰਾਮ ਸੁਥਾਰ ਨੇ ਕਿਹਾ ਕਿ ਸ਼ਰਾਬ ਫੈਕਟਰੀ ਦੇ ਬਣਨ ਨਾਲ ਮਾੜਾ ਪ੍ਰਭਾਵ ਪਵੇਗਾ ਕਿਉਂਕਿ ਉਨ੍ਹਾਂ ਦੇ ਪਿੰਡਾਂ ਦਾ ਪਾਣੀ ਪਹਿਲਾਂ ਹੀ ਪੀਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਲ 2013 ’ਚ ਵੀ ਸ਼ਰਾਬ ਫੈਕਟਰੀ ਲੱਗਣ ਦੇ ਵਿਰੋਧ ’ਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਸੀ, ਉਦੋਂ ਤਾਂ ਇਸ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਪਰ ਹੁਣ ਫਿਰ ਤੋਂ ਇਸ ਫੈਕਟਰੀ ਨੂੰ ਬਣਾਉਣ ਨੂੰ ਲੈ ਕੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਪਿੰਡ ਹੀਰਾਂ ਵਾਲੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ’ਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਇਸ ਫੈਕਟਰੀ ਦੇ ਲੱਗਣ ਨਾਲ ਲਗਭਗ 10-10 ਕਿਲੋਮੀਟਰ ਦੀ ਦੂਰੀ ਤੱਕ ਜ਼ਮੀਨ ਦਾ ਪਾਣੀ ਪੀਣ ਯੋਗ ਨਹੀਂ ਰਹੇਗਾ ਅਤੇ ਨਾ ਹੀ ਖੇਤਾਂ ’ਚ ਲਗਾਉਣ ਦੇ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾੜੇ ਨਤੀਜਿਆਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਆਪਣੇ ਪਿੰਡ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਵੇਗਾ।
ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਉਕਤ ਸਥਾਨ ’ਤੇ ਫੈਕਟਰੀ ਲਗਾਉਣ ਦਾ ਕੋਈ ਵਿਚਾਰ ਹੈ ਤਾਂ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ।