ਪੱਤਰ ਪ੍ਰੇਰਕ
ਸ਼ਹਿਣਾ, 18 ਮਈ
ਸੜਕ ’ਤੇ ਪਏ ਟੋਇਆਂ ਚੋਂ ਲੰਘ ਰਹੇ ਅੱਕੇ ਲੋਕਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ’ਚ ਸ਼ਹਿਣਾ-ਪੱਖੋ ਕੈਂਚੀਆਂ ਵਾਲੀ ਲਮਕ ਰਹੀ ਸੜਕ ਸਬੰਧੀ ਇਥੇ ਬੱਸ ਸਟੈਂਡ ’ਤੇ ਬਰਨਾਲਾ-ਬਾਜਾਖਾਨਾ ਜੀ.ਟੀ. ਉਪਰ ਧਰਨਾ ਦੇ ਦਿੱਤਾ ਤੇ ਚੱਕਾ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ’ਚ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ, ਸੁਖਦੇਵ ਸਿੰਘ ਬਾਠ ਆਦਿ ਸ਼ਾਮਲ ਸਨ।
ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 4 ਮਈ ਨੂੰ ਸ਼ਹਿਣਾ ’ਚ ਸੁਵਿਧਾ ਕੈਂਪ ਲਾਇਆ ਗਿਆ ਸੀ, ਜਿਸ ਵਿੱਚ ਡਿਪਟੀ ਕਮਿਸ਼ਨਰ ਕੋਲੋਂ ਵੀ ਇਹ ਮਸਲਾ ਉਠਿਆ ਸੀ ਪਰ ਗੱਲ ਸੁਵਿਧਾ ਕੈਂਪ ਤੋਂ ਅੱਗੇ ਨਹੀਂ ਵਧੀ। ਉਨ੍ਹਾਂ ਦੱਸਿਆ ਕਿ 5 ਕਿਲੋਮੀਟਰ ਲੰਬੀ ਇਸ ਸੜਕ ’ਤੇ ਸਿਰਫ਼ ਟੋਏ ਹੀ ਟੋਏ ਹਨ ਤੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ।
ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾਂ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਲੋਕਾਂ ਨੂੰ ਧਰਨੇ ’ਚ ਪੁੱਜਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਇਹ ਇਕੱਲੀ ਕਿਸਾਨ ਯੂਨੀਅਨ ਦਾ ਧਰਨਾ ਨਹੀਂ ਹੈ। ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜਨੀਅਰ ਸੰਦੀਪ ਸਿੰਘ ਮੌਕੇ ’ਤੇ ਪੁੱਜੇ ਤੇ ਜਲਦੀ ਸੜਕ ਦਾ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਪਰ ਧਰਨਾਕਾਰੀ ਸੰਤੁਸ਼ਟ ਨਹੀਂ ਹੋਏ ਤੇ ਧਰਨਾ ਜਾਰੀ ਰੱਖਿਆ।