ਪੱਤਰ ਪ੍ਰੇਰਕ
ਮਾਨਸਾ, 27 ਅਕਤੂਬਰ
ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਸਪੈਸ਼ਲ ਕਾਡਰ ਨੀਤੀ ਰਾਹੀਂ ਰਾਖਵਾਂਕਰਨ ਨੂੰ ਖ਼ਤਮ ਕਰਨ ਖਿਲਾਫ਼ ਦਲਿਤਾਂ ਮਜ਼ਦੂਰਾਂ ਵੱਲੋਂ ਆਵਾਜ਼ ਬੁਲੰਦ ਹੋਣ ਲੱਗੀ ਹੈ, ਜਿਸ ਤਹਿਤ ਅੱਜ ਮਾਨਸਾ ਵਿੱਚ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਦੀ ਅਗਵਾਈ ਹੇਠ ਜ਼ਿਲ੍ਹਾ ਪਰਿਸ਼ਦ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਸਰਕਾਰ ਦੇ ਪੁਤਲੇ ਨੂੰ ਅੱਗ ਲਾਉਣ ਤੋਂ ਪਹਿਲਾਂ ਜੁੜੀ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲਾ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਦਲਿਤਾਂ ਤੋਂ ਰਾਖਵਾਂਕਰਨ ਦਾ ਹੱਕ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਆਪ ਸਰਕਾਰ ਨੂੰ ਦਲਿਤਾਂ ਦੇ ਸੰਵਿਧਾਨਿਕ ਹੱਕ ਨਹੀਂ ਖੋਹਣ ਦੇਵਾਂਗੇ। ਉਨ੍ਹਾਂ ਕਿਹਾ ਕਿ 8736 ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਬਣਾਈ ਸਪੈਸ਼ਲ ਕਾਡਰ ਨੀਤੀ ਰਾਹੀਂ ਆਉਣ ਵਾਲੇ ਸਮੇਂ ਵਿੱਚ ਨਵੀਆਂ ਭਰਤੀਆਂ ਸਮੇਂ ਵੀ ਸਰਕਾਰ ਰਾਖਵਾਂਕਰਨ ਦੇ ਖਾਤਮੇ ’ਤੇ ਪੱਕੀ ਮੋਹਰ ਲਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਵਲ ਸਰਵਿਸ ਨਿਯਮਾਂ ਤਹਿਤ ਸਰਕਾਰੀ ਨੌਕਰੀਆਂ ਵਿੱਚ ਦਲਿਤਾਂ, ਖਿਡਾਰੀਆਂ, ਸਾਬਕਾ ਫੌਜੀਆਂ ਸਮੇਤ ਮਹਿਲਾਵਾਂ ਨੂੰ ਵੀ ਰਾਖਵੇਂਕਰਨ ਦਾ ਹੱਕ ਲੋਕਾਂ ਨੇ ਲੜਕੇ ਹਾਸਲ ਕੀਤਾ ਹੈ ਪਰ ਇਸ ਸਪੈਸ਼ਲ ਕਾਡਰ ਨੀਤੀ ਰਾਹੀਂ ਪੰਜਾਬ ਦੀ ਮਾਨ ਸਰਕਾਰ ਸੰਵਿਧਾਨ ਦੇ ਨਿਯਮਾਂ ਦੇ ਹੀ ਉਲਟ ਚੱਲਕੇ ਰਾਖਵਾਂਕਰਨ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਰਾਖਵਾਂਕਰਨ ਦੀ ਵਿਰੋਧੀ ਨੀਤੀ ਖ਼ਿਲਾਫ਼ ਪੂਰੇ ਰਾਜ ਅੰਦਰ ਅੰਦੋਲਨ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਵਿਜੈ ਕੁਮਾਰ ਭੀਖੀ,ਮਨਜੀਤ ਕੌਰ ਜੋਗਾ, ਕਮਲਪ੍ਰੀਤ ਕੌਰ ਝੁਨੀਰ, ਜਰਨੈਲ ਸਿੰਘ ਮਾਨਸਾ, ਦਰਸ਼ਨ ਸਿੰਘ ਦਾਨੇਵਾਲਾ,ਭੋਲਾ ਸਿੰਘ ਝੱਬਰ, ਬਾਜ਼ ਸਿੰਘ ਰੰਗੜਿਆਲ, ਸੁਖਵਿੰਦਰ ਸਿੰਘ ਬੋਹਾ,ਜੀਤ ਸਿੰਘ ਬੋਹਾ, ਕਾਲਾ ਸਿੰਘ ਉੱਭਾ ਨੇ ਵੀ ਸੰਬੋਧਨ ਕੀਤਾ।