ਪੱਤਰ ਪ੍ਰੇਰਕ
ਟੱਲੇਵਾਲ, 15 ਮਈ
ਕਰੋਨਾ ਵਾਇਰਸ ਨਾਲ ਨਜਿੱਠਣ ਲਈ ਹੁਣ ਪਿੰਡਾਂ ਦੀਆਂ ਪੰਚਾਇਤਾਂ ਸਖ਼ਤ ਹੋ ਰਹੀਆਂ ਹਨ, ਜਿਸ ਤਹਿਤ ਪੰਚਾਇਤਾਂ ਵੱਲੋਂ ਗੁਰੂ ਘਰਾਂ ਦੇ ਸਪੀਕਰਾਂ ਤੋਂ ਅਨਾਊਂਸਮੈਂਟਾਂ ਕਰਵਾਈਆਂ ਜਾ ਰਹੀਆਂ ਹਨ। ਪਿੰਡ ਟੱਲੇਵਾਲ ਦੇ ਸਰਪੰਚ ਹਰਸ਼ਰਨ ਸਿੰਘ ਧਾਲੀਵਾਲ ਅਤੇ ਕਲੱਬ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡ ਵਿੱਚ ਵਿਆਹ ਅਤੇ ਭੋਗ ਮੌਕੇ ਸੀਮਤ ਇਕੱਠ ਕਰਨ ਲਈ ਆਖਿਆ ਗਿਆ ਹੈ, ਜਦਕਿ ਸੱਥਾਂ ਜਾਂ ਹੋਰ ਮੋੜਾਂ ’ਤੇ ਇਕੱਠ ਕਰਨ ’ਤੇ ਪੂਰਨ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਹਰ ਪਿੰਡ ਵਾਸੀ ਲਈ ਘਰ ਤੋਂ ਬਾਹਰ ਜਾਣ ’ਤੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਲੋੜ ਪਈ ਤਾਂ ਠੀਕਰੀ ਪਹਿਰੇ ਵੀ ਲਗਾਉਣੇ ਪਏ ਤਾਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਮੱਲੀਆਂ ਵਿੱਚ ਸਰਪੰਚ ਜਗਦੀਪ ਸਿੰਘ ਦੀ ਅਗਵਾਈ ਹੇਠ ਪੱਖੋ-ਕੈਂਚੀਆਂ ਚੌਕੀ ਦੀ ਪੁਲੀਸ ਨਾਲ ਮੀਟਿੰਗ ਉਪਰੰਤ ਸਖ਼ਤੀ ਦਾ ਫ਼ੈਸਲਾ ਲਿਆ ਹੈ। ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਪੰਚਾਇਤਾਂ ਦੇ ਫ਼ੈਸਲੇ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਹੀ ਕਰੋਨਾ ਦੀ ਚੇਨ ਤੋੜਨ ਲਈ ਸਹਿਯੋਗ ਦੇਣ। ਉਨ੍ਹਾਂ ਪੰਚਾਇਤਾਂ ਨੂੰ ਠੀਕਰੀ ਪਹਿਰੇ ਲਗਾਉਣ ਲਈ ਵੀ ਹਦਾਇਤ ਕੀਤੀ ਹੈ।