ਲਖਵਿੰਦਰ ਸਿੰਘ
ਮਲੋਟ, 23 ਅਕਤੂਬਰ
ਮਲੋਟ ਦੀ ਅਨਾਜ ਮੰਡੀ ’ਚ ਫਸਲ ਦੀ ਖਰੀਦ ਕਰਨ ਲਈ ਨਿਰਧਾਰਿਤ ਕੀਤੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਮੰਡੀਆਂ ’ਚੋਂ ਗਾਇਬ ਹਨ, ਜਿਸ ਕਾਰਨ ਸ਼ੈੱਲਰਾਂ ਮਾਲਕਾਂ ਵੱਲੋਂ ਕਿਸਾਨਾਂ ਦੀ ਸਿੱਧੇ-ਅਸਿੱਧੇ ਤਰੀਕੇ ਨਾਲ ਕੀਤੀ ਜਾ ਰਹੀ ਲੁੱਟ ਜਾਰੀ ਹੈ।
ਪੱਤਰਕਾਰਾਂ ਨੂੰ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਹਿਲ ਸਿੰਘ ਅਤੇ ਸਾਂਝੇ ਮੰਚ ਦੇ ਕਨਵੀਨਰ ਸੱਤਪਾਲ ਮੋਹਲਾਂ, ਗੁਰਨਾਮ ਸਿੰਘ, ਸੁਭਾਸ਼ ਕੁਮਾਰ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦ ਕਈ ਕਈ ਦਿਨਾਂ ਤੱਕ ਢੇਰੀ ਕੋਲ ਕੋਈ ਵੀ ਖਰੀਦ ਏਜੰਸੀ ਦਾ ਅਧਿਕਾਰੀ ਨਹੀਂ ਪਹੁੰਚਦਾ ਤਾਂ ਉਹ ਮਜਬੂਰੀ ਵੱਸ ਸ਼ੈੱਲਰ ਵਾਲਿਆਂ ਨੂੰ ਆਪਣੀ ਫਸਲ ਪ੍ਰਤੀ ਕੁਇੰਟਲ ਪਿੱਛੇ 3-4 ਕਿਲੋ ਕਾਟ ਦੇ ਕੇ ਚੁਕਵਾਉਣ ਨੂੰ ਤਰਜੀਹ ਦਿੰਦੇ ਹਨ ਉਨ੍ਹਾਂ ਕਿਹਾ ਕਿ ਅਨੇਕਾਂ ਕਿਸਾਨਾਂ ਨੇ ਖਰੀਦ ਏਜੰਸੀਆਂ ਦੀ ਲਾਪ੍ਰਵਾਹੀ ਕਰਕੇ ਝੋਨਾ ਵੇਚਿਆ ਨਹੀਂ ਬਲਕਿ ਸੁੱਟਿਆ ਹੈ।
ਦੋਦਾ (ਜਸਵੀਰ ਸਿੰਘ ਭੁੱਲਰ): ਇੱਥੋਂ ਦੀ ਅਨਾਜ ਮੰਡੀ ਵਿਚੋਂ ਸਰਕਾਰੀ ਖਰੀਦ ਤੋਂ ਬਾਅਦ ਝੋਨੇ ਦੀਆਂ ਭਰੀਆਂ ਬੋਰੀਆਂ ਦੀ ਚੁਕਾਈ ਬਹੁਤ ਹੀ ਸੁਸਤ ਚਾਲ ਚੱਲ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਆਪਣਾ ਝੋਨਾ ਮੰਡੀ ਵਿਚ ਢੇਰੀ ਕਰਨ ਲਈ ਥਾਂ ਦੀ ਮੁਸ਼ਕਿਲ ਆ ਰਹੀ ਹੈ। ਮੰਡੀ ਬੋਰਡ ਦੇ ਦੋਦਾ ’ਚ ਤਨਾਇਤ ਕਰਮਚਾਰੀ ਤੋਂ ਆਮਦ, ਖਰੀਦ ਅਤੇ ਲਿਫਟਿੰਗ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਹ ਉਨ੍ਹਾਂ ਦੇ ਹੀ ਦੱਸਣ ਅਨੁਸਾਰ ਅੰਕੜਿਆਂ ਨਾਲ ਮੇਲ ਨਹੀਂ ਖਾ ਰਹੇ ਸਨ।