ਪੱਤਰ ਪ੍ਰੇਰਕ
ਫ਼ਤਹਿਗੜ੍ਹ ਪੰਜਤੂਰ, 30 ਦਸੰਬਰ
ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਸਟ੍ਰੀਟ ਲਾਈਟਾਂ ਦੀ ਦੇਖਭਾਲ ਦਾ ਜ਼ਿੰਮਾ ਗਿਆਰਾਂ ਸਾਲਾਂ ਲਈ ਠੇਕੇ ’ਤੇ ਦੇ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਥੋਂ ਦੀ ਨਗਰ ਪੰਚਾਇਤ ਦੀਆਂ ਸਟ੍ਰੀਟ ਲਾਈਟਾਂ ਦਾ ਠੇਕਾ ਵੀ ਸਬੰਧਤ ਫਰਮ ਕੋਲ ਹੈ। ਠੇਕੇਦਾਰ ਵੱਲੋਂ ਸ਼ੁਰੂਆਤੀ ਦੌਰ ਵਿੱਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਲਗਾਈਆਂ ਗਈਆਂ ਸਟ੍ਰੀਟ ਲਾਈਟਾਂ ਦੇ ਐੱਲਈਡੀਜ਼ ਦਾ ਵੱਡਾ ਹਿੱਸਾ ਬੰਦ ਪਿਆ ਹੈ, ਜਿਸ ਸਦਕਾ ਅੱਧਾ ਕਸਬਾ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਸਬੰਧਤ ਫਰਮ ਵੱਲੋਂ ਲਾਈਟਾਂ ਦੇ ਰੱਖ-ਰਖਾਓ ਲਈ ਇੱਥੇ ਸਥਾਈ ਤੌਰ ’ਤੇ ਮੁਲਾਜ਼ਮਾਂ ਦੀ ਤਾਇਨਾਤੀ ਨਹੀਂ ਕੀਤੀ ਗਈ ਹੈ, ਜਿਸ ਸਦਕਾ ਬੰਦ ਸਟ੍ਰੀਟ ਲਾਈਟਾਂ ਕਈ-ਕਈ ਦਿਨ ਚਾਲੂ ਨਹੀਂ ਹੁੰਦੀਆਂ। ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਵਾਲੇ ਪਾਸੇ ਅਤੇ ਸੇਵਾ ਕੇਂਦਰ ਵਾਲੇ ਪਾਸੇ ਦੀਆਂ ਦਰਜਨ ਤੋਂ ਵੀ ਵੱਧ ਲਾਈਟਾਂ ਕਈ ਦਿਨਾਂ ਤੋਂ ਬੰਦ ਹਨ। ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ ਦਵਿੰਦਰ ਸਿੰਘ ਤੂਰ ਵੱਲੋਂ ਇਨ੍ਹਾਂ ਲਾਈਟਾਂ ਨੂੰ ਜਲਦੀ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਮਾਮਲਾ ਉੱਥੇ ਦਾ ਉੱਥੇ ਹੀ ਲਟਕਿਆ ਪਿਆ ਹੈ।