ਜ਼ੀਰਾ: ਸ਼ਹਿਰ ਦੇ ਪੁਰਾਣੀ ਤਲਵੰਡੀ ਰੋਡ ’ਤੇ ਜੀਵਨ ਮੱਲ ਸਕੂਲ ਦੇ ਪਿਛਲੇ ਗੇਟ ਨੇੜੇ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੂੰ ਰੋਜ਼ਾਨਾ ਹੀ ਅੱਗ ਲਗਾਈ ਜਾਂਦੀ ਹੈ, ਜਿਸ ਦਾ ਧੂੰਆਂ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਇਸ ਮੌਕੇ ਸਥਾਨਕ ਵਸਨੀਕਾਂ ਨੇ ਕਿਹਾ ਕਿ ਸਕੂਲ ਦੇ ਗਰਾਊਂਡ ਵਿੱਚ ਲੋਕ ਸਵੇਰੇ-ਸ਼ਾਮ ਸੈਰ ਕਰਨ ਲਈ ਆਉਂਦੇ ਹਨ, ਪਰ ਗੇਟ ਨੇੜੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਸ਼ਾਮ ਵੇਲੇ ਇਨ੍ਹਾਂ ਢੇਰਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤੇ ਕੂੜੇ ਦੇ ਢੇਰਾਂ ਨੂੰ ਸਕੂਲ ਦੇ ਬਾਹਰੋਂ ਪੱਕੇ ਤੌਰ ’ਤੇ ਚਕਵਾਇਆ ਜਾਵੇ। -ਪੱਤਰ ਪ੍ਰੇਰਕ