ਲਖਵੀਰ ਸਿੰਘ ਚੀਮਾ
ਟੱਲੇਵਾਲ, 31 ਮਈ
ਪਿੰਡ ਦੀਵਾਨਾ ਦੇ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਇਸਦਾ ਮਾੜਾ ਅਸਰ ਪੈ ਰਿਹਾ ਸੀ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਉਪਰਾਲਾ ਕਰਦਿਆਂ ਪ੍ਰਾਈਵੇਟ ਤੌਰ ’ਤੇ ਅਧਿਆਪਕ ਰੱਖ ਕੇ ਬੱਚਿਆਂ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਦੀਵਾਨਾ ਨੇ ਦੱਸਿਆ ਕਿ ਪਿੰਡ ਦੀਆਂ ਹੀ ਚੰਗੀਆਂ ਪੜ੍ਹੀਆਂ ਕੁੜੀਆਂ ਨੂੰ ਇੱਕ ਸਾਲ ਲਈ ਅਧਿਆਪਕ ਦੇ ਤੌਰ ’ਤੇ ਰੱਖਿਆ ਗਿਆ ਹੈ। ਇਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡੇਰਾ ਬਾਬਾ ਆਗੰਧ ਜੀ ਅਤੇ ਐੱਨਆਰਆਈ ਵੀਰਾਂ ਵੱਲੋਂ ਦਿੱਤੀ ਜਾ ਰਹੀ ਹੈ। ਇਸ ਲਈ ਅੱਜ ਇਨ੍ਹਾਂ ਅਧਿਆਪਕਾਂ ਦੀ ਚਾਰ ਮਹੀਨੇ ਦੀ ਤਨਖ਼ਾਹ ਐੱਨਆਰਆਈ ਜੀਤਾ ਸਿੰਘ ਢਿੱਲੋਂ ਅਤੇ ਰਾਜਾ ਢਿੱਲੋਂ ਵੱਲੋਂ ਦਿੱਤੀ ਗਈ ਹੈ। ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਸ਼ਾਲਾਘਾ ਕਰਦਿਆਂ ਮੁੱਖ ਅਧਿਆਪਕਾ ਮਨਜੀਤ ਕੌਰ ਨੇ ਕਿਹਾ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਨਹੀਂ ਪਵੇਗਾ। ਉਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਦੇਣ ਵਾਲੇ ਐਨਆਰਆਈ ਵੀਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖ਼ਜ਼ਾਨਚੀ ਚੰਦ ਸਿੰਘ, ਜੀਓਜੀ ਵਿਸ਼ਾਖਾ ਸਿਘ, ਰਣਜੀਤ ਸਿੰਘ ਪ੍ਰਧਾਨ, ਅਰਸ਼ਦੀਪ ਸਿੰਘ, ਹਰਪਾਲ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਤੇ ਪਤਵੰਤੇ ਹਾਜ਼ਰ ਸਨ।