ਇਕਬਾਲ ਸਿੰਘ ਸ਼ਾਂਤ
ਲੰਬੀ, 27 ਅਗਸਤ
ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ’ਚ ਸਿੱਖਿਆ ਵਪਾਰ ਬਣ ਗਈ ਹੈ। ਖੇਤਰ ਵਿੱਚ ਅਜਿਹੇ ਕਈ ਸਕੂਲਾਂ ਵੱਲੋਂ ਸੀਬੀਐੱਸਈ ਦੀ ਮਾਨਤਾ ਲਏ ਬਗੈਰ ਲੋਕਾਂ ਨੂੰ ਗੁੰਮਰਾਹ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਵਰਤਾਰੇ ਨਾਲ ਸੀਬੀਐੱਸਈ ਵਰਗੇ ਕੇਂਦਰੀ ਵਿਦਿਅਕ ਬੋਰਡ ਦੇ ਕਾਨੂੰਨੀ ਅਖਤਿਆਰਾਂ ਦਾ ਖੁੱਲ੍ਹਾ ਉਲੰਘਣ ਹੋ ਰਿਹਾ ਹੈ। ਲੰਬੀ ਹਲਕੇ ਵਿੱਚ ਮੰਡੀ ਕਿੱਲਿਆਂਵਾਲੀ ਦਾ ਗੋਲਡਨ ਇਰਾ ਮਿਲੇਨੀਅਮ ਸਕੂਲ ਅਤੇ ਪਿੰਡ ਘੁਮਿਆਰਾ ਦਾ ਦਸਮੇਸ਼ ਇੰਟਰਨੈਸ਼ਨਲ ਸਕੂਲ ਸੀਬੀਐੱਸਈ ਤੋਂ ਮਾਨਤਾ ਲਏ ਬਗੈਰ ਬੋਰਡ ਨਾਲ ਜੁੜੇ ਹੋਣ ਦੇ ਦਾਅਵੇ ਰਹੇ ਹਨ। ਦੂਜੇ ਪਾਸੇ ਸੀਬੀਐੱਸਈ ਦੇ ਸਕੱਤਰ ਦੇ ਦਸਤਖ਼ਤਾਂ ਹੇਠ ਜਾਰੀ ਸਰਕੂਲਰ ਨੰਬਰ 11/2021 ਮਿਤੀ 13 ਜੁਲਾਈ 2021 ਮੁਤਾਬਕ ਮਾਨਤਾ ਲਈ ਅਰਜ਼ੀ ਪ੍ਰਕਿਰਿਆ ਅਧੀਨ, ਅਰਜ਼ੀ ਰੱਦ ਹੋਣ ਜਾਂ ਅਰਜ਼ੀ ਨਾ ਅਪਲਾਈ ਕਰਨ ਵਾਲਾ ਕੋਈ ਵੀ ਸਕੂਲ, ਬਗੈਰ ਮਾਨਤਾ ਅਤੇ ਮਾਨਤਾ ਤੋਂ ਪਹਿਲਾਂ ਉਸ ਦੇ ਨਾਮ ਦਾ ਲੋਗੋ ਵੀ ਨਹੀਂ ਵਰਤ ਸਕਦਾ। ਪਰ ਇਨ੍ਹਾਂ ਸਕੂਲਾਂ ਨੂੰ ਸੀਬੀਐੱਸਈ ਤੋਂ ਮਾਨਤਾ ਨਹੀਂ ਮਿਲੀ ਹੋਈ। ਇਸ ਗੰਭੀਰ ਮਸਲੇ ਬਾਰੇ ਸੂਬਾ ਸਰਕਾਰ, ਸਿੱਖਿਆ ਵਿਭਾਗ ਪੰਜਾਬ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਦੇ ਨੋਟਿਸ ਨਹੀਂ ਲਿਆ।
ਸੀਬੀਐੱਸਈ ਨਿਯਮਾਂ ਮੁਤਾਬਕ ਮਾਨਤਾ ਲੈਣ ਲਈ ਅਪਲਾਈ ਕਰਨ ਖਾਤਰ ਸੂਬੇ ਦੇ ਸਿੱਖਿਆ ਵਿਭਾਗ ਤੋਂ ਐੱਨਓਸੀ ਲੈਣੀ ਲਾਜ਼ਮੀ ਹੁੰਦੀ ਹੈ। ਕਰੀਬ ਦੋ-ਤਿੰਨ ਏਕੜ ਜ਼ਮੀਨ, ਤੈਅਸ਼ੁਦਾ ਇਮਾਰਤ ਅਤੇ ਬਿਹਤਰੀਨ ਸਾਜ਼ੋ-ਸਾਮਾਨ ਆਦਿ ਲੋੜੀਂਦੇ ਹੁੰਦੇ ਹਨ ਜਦਕਿ ਇਨ੍ਹਾਂ ’ਚੋਂ ਇਕ ਸਕੂਲ ਕੋਈ ਮਾਪਦੰਡ ਪੂਰੇ ਨਹੀਂ ਕਰਦਾ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮਲਕੀਤ ਸਿੰਘ ਖੋਸਾ ਨੇ ਕਿਹਾ ਕਿ ਦਸਮੇਸ਼ ਇੰਟਰਨੈਸ਼ਨਲ ਸਕੂਲ ਵੱਲੋਂ ਉਨ੍ਹਾਂ ਕੋਲ ਐੱਨਓਸੀ ਵਾਲੀ ਕੋਈ ਫਾਈਲ ਨਹੀਂ ਪੁੱਜੀ ਹੈ ਅਤੇ ਨਾ ਮਾਨਤਾ ਲਈ ਹੋਈ ਹੈ। ਸਕੂਲ ਕੋਲ ਸਿਰਫ਼ ਆਰਟੀਈ ਕੋਡ ਨੰਬਰ 1103 ਹੈ।
ਸੀਬੀਐੱਸਈ ਦੀ ਗਾਈਡਲਾਈਨਜ਼ ਮੁਤਾਬਕ ਪੜ੍ਹਾ ਰਹੇ ਹਾਂ: ਮੁੱਖ ਪ੍ਰਬੰਧਕ
ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਮੁੱਖ ਪ੍ਰਬੰਧਕ ਜਗਸੀਰ ਸਿੰਘ ਨੇ ਕਬੂਲਿਆ ਕਿ ਉਨ੍ਹਾਂ ਨੇ ਸੀਬੀਐੱਸਈ ਦੀ ਮਾਨਤਾ ਨਹੀਂ ਲਈ ਹੋਈ। ਉਨ੍ਹਾਂ ਅਪਲਾਈ ਕਰਨ ਲਈ ਲੋੜੀਂਦੇ ਨਿਯਮ ਸ਼ਰਤਾਂ ਪੂਰੀਆਂ ਕਰਨ ਦੀ ਪ੍ਰਕਿਰਿਆ ਵਿੱਢੀ ਹੋਈ ਹੈ ਤੇ ਛੇਤੀ ਅਪਲਾਈ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਸੀਬੀਐੱਸਈ ਦੀਆਂ ਕਿਤਾਬਾਂ ਅਤੇ ਗਾਈਡਲਾਈਨਜ਼ ਮੁਤਾਬਕ ਹੀ ਪੜ੍ਹਾ ਰਹੇ ਹਨ ਤਾਂ ਇਸ ਵਿੱਚ ਕੀ ਗ਼ਲਤ ਹੈ।
ਅਸੀਂ ਮਾਨਤਾ ਲਈ ਅਪਲਾਈ ਕੀਤਾ ਹੈ: ਪ੍ਰਿੰਸੀਪਲ
ਗੋਲਡਨ ਇਰਾ ਮਿਲੇਨੀਅਮ ਸਕੂਲ ਦੇ ਪ੍ਰਿੰਸੀਪਲ ਦੀਪਤੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਸੀਬੀਐੱਸਈ ਤੋਂ ਮਾਨਤਾ ਲਈ ਅਪਲਾਈ ਕੀਤਾ ਹੋਇਆ ਹੈ। ਇਸ ਲਈ ਉਹ ਪ੍ਰਚਾਰ ਵਾਸਤੇ ਅਜਿਹਾ ਲਿਖ ਸਕਦੇ ਹਨ।