ਪੱਤਰ ਪ੍ਰੇਰਕ
ਤਲਵੰਡੀ ਸਾਬੋ, 14 ਅਕਤੂਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਬਲਾਕ ਤਲਵੰਡੀ ਸਾਬੋ ਅਧੀਨ ਆਉਂਦੇ ਛੇ ਸੈਂਟਰਾਂ ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲੇਲੇਵਾਲਾ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਓਵਰਆਲ ਟਰਾਫੀ ’ਤੇ ਬੁਰਜ ਸੇਮਾ ਸੈਂਟਰ ਨੇ ਕਬਜ਼ਾ ਕੀਤਾ। ਖੇਡਾਂ ਦੇ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਪਹੁੰਚੇ ਮੁੱਖ ਮਹਿਮਾਨ ਸੰਤ ਪ੍ਰੀਤਮ ਦਾਸ ਜਖੇਪਲ ਵਾਲੇ, ਵਿਸ਼ੇਸ ਮਹਿਮਾਨ ਸੇਵਮੁਕਤ ਅਧਿਆਪਕ ਕਰਨੈਲ ਸਿੰਘ ਤੇ ਭੋਲਾ ਰਾਮ ਤਲਵੰਡੀ ਸਾਬੋ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਮਹਿਲ ਕਲਾਂ (ਪੱਤਰ ਪ੍ਰੇਰਕ): ਬਲਾਕ ਮਹਿਲ ਕਲਾਂ ਦੇ ਪ੍ਰਾਇਮਰੀ ਸਕੂਲਾਂ ਦੇ ਦੋ ਰੋਜ਼ਾ ਬਲਾਕ ਪੱਧਰੀ ਖੇਡ ਮੁਕਾਬਲੇ ਦੀ ਅੱਜ ਗੁਰੁੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿੱਚ ਸਮਾਪਤੀ ਹੋ ਗਈ ਹੈ। ਬੀਪੀਈਓ ਗੁਰਦੀਪ ਸਿੰਘ ਦੀ ਅਗਵਾਈ ਹੇਠ ਹੋਏ ਖੇਡ ਮੇਲੇ ‘ਚ ਓਵਰਆਲ ਟਰਾਫ਼ੀ ਸੈਂਟਰ ਵਜੀਦਕੇ ਕਲਾਂ ਨੇ ਜਿੱਤੀ।
ਚੰਨਣ ਖੇੜਾ ਵਿੱਚ ਵਾਲੀਬਾਲ ਟੂਰਨਾਮੈਂਟ ਕਰਵਾਇਆ
ਅਬੋਹਰ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਰਾਜ ਵਿਚ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁਲਿਤ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕੇ ਦੇ ਪਿੰਡ ਚੰਨਣ ਖੇੜਾ ਵਿੱਚ ਦੀਪਾ ਮਹਿਤਾ ਦੀ ਯਾਦ ਵਿੱਚ ਕਰਵਾਏ ਪਹਿਲੇ ਵਾਲੀਬਾਲ ਟੂਰਨਾਮੈਂਟ ਵਿਚ ਭਾਗ ਲੈਣ ਤੋਂ ਬਾਅਦ ਕੀਤਾ। ਇਸ ਮੌਕੇ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਟੂਰਨਾਮੈਂਟ ਕਰਵਾਉਣ ਲਈ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਵਾਲੀਬਾਲ ਮੈਚ ਦਾ ਅਨੰਦ ਮਾਣਿਆ ਅਤੇ ਆਈਆਂ ਹੋਈਆਂ ਟੀਮਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਗੁਰਚਰਨ ਸਿੰਘ ਮੁਸਾਫਿਰ, ਭਜਨ ਲਾਲ, ਸਰਪੰਚ ਪਰਵਿੰਦਰ ਸਿੰਘ, ਧਰਮਵੀਰ ਗੌਦਾਰਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਤੇ ਜੋਤੀ ਪ੍ਰਕਾਸ਼ ਆਦਿ ਹਾਜ਼ਰ ਸਨ।