ਪੱਤਰ ਪ੍ਰੇਰਕ
ਜੈਤੋ, 19 ਮਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਗਰ ਕੌਂਸਲ ਜੈਤੋ ਦੇ ਅਹੁਦੇਦਾਰਾਂ ਦੀ ਚੋਣ ਦੇ ਮਾਮਲੇ ’ਤੇ ਅੱਜ ਸੁਣਵਾਈ ਕਰਦਿਆਂ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨੂੰ ਹੁਕਮ ਦਿੱਤੇ ਹਨ ਕਿ ਮਾਮਲੇ ਨਾਲ ਸਬੰਧਤ ਦੋਵੇਂ ਧਿਰਾਂ ਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦਾ ਪੱਖ ਸੁਣ ਕੇ ਰਿਪੋਰਟ 24 ਜੂਨ ਤੱਕ ਅਦਾਲਤ ਕੋਲ ਪਹੁੰਚਦੀ ਕੀਤੀ ਜਾਵੇ। ਗ਼ੌਰਤਲਬ ਹੈ ਕਿ 7 ਮਈ ਨੂੰ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਚੁਣੇ ਗਏ ਕਾਂਗਰਸੀ ਆਗੂ ਸੁਰਜੀਤ ਸਿੰਘ ਬਾਬਾ ਅਤੇ ਮੀਤ ਪ੍ਰਧਾਨ ਜਤਿੰਦਰ ਕੁਮਾਰ ਬਾਂਸਲ ਦੀ ਚੋਣ ’ਤੇ ਸੁਆਲ ਖੜ੍ਹੇ ਕਰਦਿਆਂ ਕਾਂਗਰਸ ਦੇ ਹੀ ਦੂਜੇ ਧੜੇ ਦੀ ਕੌਂਸਲਰ ਸੁਮਨ ਦੇਵੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉੱਚ ਅਦਾਲਤ ਨੇ ਅੱਜ ਇਸ ਸਬੰਧੀ ਉਕਤ ਹੁਕਮ ਜਾਰੀ ਕਰਦਿਆਂ ਅਗਲੀ ਸੁਣਵਾਈ 5 ਜੁਲਾਈ ਨੂੰ ਨਿਰਧਾਰਿਤ ਕੀਤੀ ਹੈ।