ਨਿੱਜੀ ਪੱਤਰ ਪ੍ਰੇਰਕ
ਸਿਰਸਾ, 22 ਸਤੰਬਰ
ਭਾਰਤ ਬੰਦ ਲਈ ਪਿੰਡਾਂ ਵਿੱਚ ਜਿਥੇ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗਾਂ, ਜਲਸੇ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਉਥੇ ਹੀ ਮੁਲਾਜ਼ਮ, ਵਪਾਰੀ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਮੀਟਿੰਗਾਂ ਕਰਕੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨ ਆਗੂ ਗੁਰਦੀਪ ਸਿੰਘ ਝੀੜੀ ਤੇ ਲਖਵੀਰ ਸਿੰਘ ਅਲੀਕਾਂ ਵੱਲੋਂ ਅੱਜ ਪਿੰਡ ਅਲੀਕਾਂ, ਨਾਗੋਕੀ, ਕਿਰਾੜਕੋਟ, ਛੱਤਰੀਆਂ, ਲੱਕੜਾਂਵਾਲੀ ਵਿੱਚ ਜਲਸੇ ਤੇ ਨੁਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ।
ਮਾਨਸਾ (ਪੱਤਰ ਪ੍ਰੇਰਕ): ਰੇਲਵੇ ਪਾਰਕਿੰਗ ਮਾਨਸਾ ਵਿੱਚ ਕਿਸਾਨਾਂ ਦਾ ਧਰਨਾ 356ਵੇਂ ਵੀ ਜਾਰੀ ਰਿਹਾ ਹੈ। ਅੱਜ ਦੇ ਧਰਨਾ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁਖਚਰਨ ਸਿੰਘ ਦਾਨੇਵਾਲੀਆ ਨੇ 27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ਲਈ ਪਿੰਡ-ਪਿੰਡ ਜਥੇਬੰਦਕ ਆਗੂਆਂ ਦੀਆਂ ਡਿਊਟੀਆਂ ਲਾਈਆਂ ਤੇ ਦੱਸਿਆ ਕਿ 27 ਨੂੰ ਬਠਿੰਡਾ-ਚੰਡੀਗੜ੍ਹ ਰੋਡ ਜਾਮ ਕੀਤਾ ਜਾਵੇਗਾ।
ਬਰੇਟਾ (ਪੱਤਰ ਪ੍ਰੇਰਕ): ਇਥੇ ਸਾਂਝਾ ਕਿਸਾਨ ਮੋਰਚਾ ਵੱਲੋਂ ਰੇਲਵੇ ਪਾਰਕਿੰਗ ਤੇ ਪਟਰੋਲ ਪੰਪ ’ਤੇ ਉਗਰਾਹਾਂ ਜਥੇਬੰਦੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਦੇ ਬੁਲਾਰਿਆਂ ਵਿੱਚ ਛੱਜੂ ਸਿੰਗ, ਗੁੱਡੀ ਕੌਰ, ਕਿਰਪਾਲ ਕੌਰ ਬਰੇਟਾ, ਬਲਜੀਤ ਕੌਰ ਤੇ ਚਰਨਜੀਤ ਕੌਰ ਹੋਰ ਆਗੂ ਸ਼ਾਮਲ ਸਨ।
ਏਲਨਾਬਾਦ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਇਕਾਈ ਏਲਨਾਬਾਦ ਦੀ ਇੱਕ ਮੀਟਿੰਗ ਅੱਜ ਬਾਈਪਾਸ ਰੋਡ ਸਥਿਤ ਦਫ਼ਤਰ ਵਿੱਚ ਹੋਈ। ਇਸ ਬੈਠਕ ਵਿੱਚ ਭਾਰਤ ਬੰਦ ਨੂੰ ਸਫਲ ਬਣਾਉਣ ਬਾਰੇ ਵਿਚਾਰ-ਚਰਚਾ ਕੀਤੀ ਗਈ।
ਰਾਮਪੁਰਾ ਫੂਲ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਾਮਪੁਰਾ ਰੇਲਵੇ ਸਟੇਸ਼ਨ ’ਤੇ ਲੱਗਿਆ ਪੱਕਾ ਮੋਰਚਾ 358ਵੇਂ ਦਿਨ ਵੀ ਜਾਰੀ ਰਿਹਾ।
ਬਰਨਾਲਾ (ਖੇਤਰੀ ਪ੍ਰਤੀਨਿਧ): ਖੇਤੀ ਕਾਨੂੰਨਾਂ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਪੱਕੇ ਸਾਂਝੇ ਧਰਨੇ ਦੌਰਾਨ ਅੱਜ ਜਿੱਥੇ ਅਕਾਲੀ ਦਲ ਬਾਦਲ ਦੀ ਕਿਸਾਨੀ ਸੰਘਰਸ਼ ਦੇ ਟਕਰਾਵੀਂ ਪੁਜੀਸ਼ਨ ਨੂੰ ਭੰਡਿਆ ਗਿਆ ਉੱਥੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਧਰਨੇ ‘ਚ ਸ਼ਿਰਕਤ ਕਰਕੇ ਭਾਰਤ ਬੰਦ ਦੇ ਸਮਰਥਨ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ।
ਮਹਿਲ ਕਲਾਂ (ਪੱਤਰ ਪ੍ਰੇਰਕ): ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਪੱਕੇ ਧਰਨੇ ‘ਤੇ ਬੈਠੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾਸਿੰਘ ਵਾਲਾ ਤੇ ਪਰਮਜੀਤ ਸਿੰਘ ਪੰਮਾ ਸਮੇਤ ਹੋਰਾਂ ਨੇ ਸੰਬੋਧਨ ਕੀਤਾ।
ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਲਈ ਵਿਉਂਤਬੰਦੀ
ਮੋਗਾ (ਨਿੱਜੀ ਪੱਤਰ ਪ੍ਰੇਰਕ): ਭਾਰਤ ਬੰਦ ਦੀ ਕਾਮਯਾਬੀ ਲਈ ਮੋਗਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਸਾਂਝੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਕੀਤੀ। ਇਸ ਮੀਟਿੰਗ ’ਚ ਸੂਰਤ ਸਿੰਘ ਧਰਮਕੋਟ, ਪ੍ਰਗਟ ਸਿੰਘ ਸਾਫੂਵਾਲਾ ਨੇ ਕਿਹਾ ਕਿ 27 ਸਤੰਬਰ ਨੂੰ ਮੋਗਾ ਮੁੱਖ ਚੌਕ, ਧਰਮਕੋਟ, ਕੋਟ ਈਸੇ ਖਾਂ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਅਜੀਤਵਾਲ ਵਿੱਚ ਕਿਸਾਨ ਵੱਡੀ ਗਿਣਤੀ ’ਚ ਇਕੱਤਰ ਹੋਣ ਅਤੇ ਗੁਰਦੁਆਰਿਆਂ ਵਿੱਚੋਂ ਹੋਕਾ ਦਵਾਉਣ ਦਾ ਫ਼ੈਸਲਾ ਲਿਆ ਗਿਆ। ਬੰਦ ਦੌਰਾਨ ਐਮਰਜੈਂਸੀ ਮਰੀਜ਼ਾਂ ਅਤੇ ਐਂਬੂਲੈਂਸਾਂ ਲਈ ਕੋਈ ਰੁਕਾਵਟ ਖੜ੍ਹੀ ਨਾ ਕੀਤੀ ਜਾਵੇ ਅਤੇ ਜਾਮ ਦੌਰਾਨ ਿਮਰਤਾ ਨਾਲ ਇਸ ਭਾਰਤ ਬੰਦ ਲਈ ਸਹਿਯੋਗ ਮੰਗਿਆ ਜਾਵੇ।
ਬੈਸਟ ਪ੍ਰਾਈਸ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਵਾਲਮਾਰਟ ਕੰਪਨੀ ਵੱਲੋਂ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਕਥਿਤ ਧੱਕੇਸ਼ਾਹੀ ਨਾਲ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮ ਭਾਕਿਯੂ ਉਗਰਾਹਾਂ ਦੇ ਸਹਿਯੋਗ ਨਾਲ ਚੱਲ ਰਹੇ ਪੱਕੇ ਮੋਰਚੇ ਵਿੱਚ ਅੱਜ 24ਵੇਂ ਦਿਨ ਵੀ ਡਟੇ ਰਹੇ। ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀ ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਨਿਰਮਲ ਸ਼ਰਮਾ, ਹਰਮਨ ਸਿੰਘ, ਮਨਪ੍ਰੀਤ ਸਿੰਘ ਸ਼ਰਮਾ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਨੌਕਰੀਆਂ ਬਹਾਲ ਹੋਣ ਤੱਕ ਸੰਘਰਸ਼ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ 30 ਸਤੰਬਰ ਨੂੰ ਵਾਲਮਾਰਟ ਕੰਪਨੀ ਦੇ ਪੰਜਾਬ ਵਿਚਲੇ ਪੰਜੇ ਮਾਲ ਇੱਕ ਹਫ਼ਤੇ ਲਈ ਬੰਦ ਕਰਨਗੇ।