ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੂਨ
ਪੰਜਾਬ ਵਿੱਚ ਭਲਕੇ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਅੱਜ ਅੱਧੀ ਰਾਤ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਬਣਾਂਵਾਲਾ ਵਿੱਚ ਸਥਿਤ ਤਾਪ ਘਰ ਨੂੰ ਚਲਾਉਣ ਲਈ ਬਕਾਇਦਾ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਖੇਤਰ ਵਿੱਚ ਕਿਸਾਨ ਜਥੇਬੰਦੀਆਂ ਦੇ ਪ੍ਰਭਾਵ ਹੇਠਲੇ ਪਿੰਡਾਂ ਵਿੱਚ ਕਿਸਾਨਾਂ ਨੇ ਪਿਛਲੇ ਕਈ ਦਿਨਾਂ ਤੋਂ ਝੋਨਾ ਲਾਉਣਾ ਸ਼ੁਰੂ ਵੀ ਕੀਤਾ ਹੋਇਆ ਹੈ। ਪਿੰਡਾਂ ’ਚੋਂ ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਵੀ ਬਹੁਤ ਰੁਝਾਨ ਵਧਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਸ ਜ਼ਿਲ੍ਹੇ ਵਿੱਚ ਸਥਿਤ ਇੱਕ ਅਧਿਕਾਰੀ ਜਸਪ੍ਰੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਰਕਾਰੀ ਆਦੇਸ਼ਾਂ ਤਹਿਤ ਅੱਜ ਅੱਧੀ ਰਾਤ ਤੋਂ ਝੋਨੇ ਦੀ ਲੁਵਾਈ ਲਈ 8 ਅੱਠ ਘੰਟੇ ਬਿਜਲੀ ਦੇਣੀ ਆਰੰਭ ਕੀਤੀ ਜਾਵੇਗੀ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਹੱਥੀਂ ਝੋਨਾ ਲਾਉਣ ਵਾਲੀ ਲੇਬਰ ਦੀ ਵੱਡੀ ਪੱਧਰ ’ਤੇ ਘਾਟ ਰੜਕਦੀ ਹੈ।
ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ 10 ਗੁਣਾ ਵਧਿਆ
ਬਠਿੰਡਾ (ਸ਼ਗਨ ਕਟਾਰੀਆ): ਕੋਵਿਡ ਸੰਕਟ ਦੇ ਇਸ ਦੌਰ ਵਿੱਚ ਮਜ਼ਦੂਰਾਂ ਦੀ ਆਈ ਕਮੀ ਕਾਰਨ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਵੱਲ ਮੋੜਾ ਕੱਟਿਆ ਹੈ। ਖੇਤੀ ਅਧਿਕਾਰੀਆਂ ਅਨੁਸਾਰ ਬਠਿੰਡਾ ਜ਼ਿਲ੍ਹੇ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 10 ਗੁਣਾ ਜ਼ਿਆਦਾ ਰਕਬੇ ਵਿਚ ਇਸ ਤੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਹੋ ਚੁੱਕੀ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਮੁਤਾਬਕ ਜਦ ਕਿ 15 ਤੋਂ 20 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਹਾਲੇ ਚੱਲਣੀ ਹੈ ਅਤੇ ਉਸ ਤੋਂ ਬਾਅਦ ਬਾਸਮਤੀ ਦੀ ਸਿੱਧੀ ਬਿਜਾਈ ਵੀ ਹੋਣੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮਜ਼ਦੂਰਾਂ ਦੀ ਘਾਟ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਕਿਸਾਨਾਂ ਨੇ ਇਸ ਤਕਨੀਕ ਨੂੰ ਅਪਣਾਇਆ ਹੈ ਅਤੇ ਇਸ ਤਰ੍ਹਾਂ ਜ਼ਮੀਨਦੋਜ਼ ਪਾਣੀ ਦੀ ਬੱਚਤ ਤੋਂ ਇਲਾਵਾ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਣਗੇ। ਉਨ੍ਹਾਂ ਦੇ ਦੱਸਣ ਮੁਤਾਬਿਕ ਲੰਘੇ ਸਾਲ ਜ਼ਿਲ੍ਹੇ ਵਿੱਚ 22 ਸੌ ਹੈਕਟੇਅਰ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਜਦ ਕਿ ਇਸ ਵਾਰ ਇਸ ਤੋਂ ਪਹਿਲਾਂ ਹੀ 22 ਹਜ਼ਾਰ ਹੈਕਟੇਅਰ ਵਿਚ ਝੋਨੇ ਦੀ ਸਿੱਧੀ ਬਿਜਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਪਾਣੀ ਦੀ 30 ਫੀਸਦੀ ਬਚਤ ਹੁੰਦੀ ਹੈ ਜੋ ਕਿ ਬਹੁਤ ਹੀ ਅਹਿਮ ਹੈ।