ਪੱਤਰ ਪ੍ਰੇਰਕ
ਲੰਬੀ, 8 ਜੁਲਾਈ
ਮਜ਼ਦੂਰ ਵੱਲੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਦੇਣ ’ਤੇ ਕਮਿਊਨਿਟੀ ਸਿਹਤ ਕੇਂਦਰ ਲੰਬੀ ’ਚ ਉਸਦੀ ਗਰਭਵਤੀ ਪਤਨੀ ਤੇ ਗਰਭ ’ਚ ਬੱਚਾ ਤੁਰੰਤ ਖ਼ਤਰੇ ਤੋਂ ਬਾਹਰ ਆ ਗਏ। ਔਰਤ ਦੀ ਆਪ੍ਰੇਸ਼ਨ ਰਾਹੀਂ ਡਲਿਵਰੀ ਸੁਖੀ-ਸਾਂਦੀ ਹੋ ਗਈ। ਸਫ਼ਲ ਤੇ ਬਹੁਤ ਘੱਟ ਮਹਿੰਗੇ ਇਲਾਜ ਦੀ ਪੰਜ-ਪੰਜ ਸੌ ਦੇ ਨੋਟਾਂ ’ਤੇ ਆਧਾਰਤ ਬਿਹਤਰੀਨ ਤਕਨੀਕ ਨੂੰ ਆਸ਼ਾ ਵਰਕਰ ਰਾਹੀਂ ਮਹਿਲਾ ਡਾਕਟਰ ਨੇ ਅੰਜਾਮ ਦਿੱਤਾ। ਮਰੀਜ਼ ਔਰਤ ਦੇ ਪਤੀ ਨੇ ਮਹਿਲਾ ਡਾਕਟਰ ਖਿਲਾਫ਼ ਲੰਬੀ ਥਾਣੇ ਤੇ ਹਸਪਤਾਲ ਪ੍ਰਬੰਧਨ ਨੂੰ ਸ਼ਿਕਾਇਤ ਕੀਤੀ ਹੈ। ਮਰੀਜ਼ ਔਰਤ ਦੇ ਪਤੀ ਗੁਰਪ੍ਰੀਤ ਸਿੰਘ ਵਾਸੀ ਰੱਥੜੀਆਂ ਨੇ ਕਿਹਾ ਕਿ ਉਹ ਗਰਭਵਤੀ ਪਤਨੀ ਸੰਦੀਪ ਕੌਰ ਨੂੰ 5 ਜੁਲਾਈ ਨੂੰ ਸੀ.ਐਚ.ਸੀ. ਲੰਬੀ ਡਲਿਵਰੀ ਲਈ ਲੈ ਕੇ ਆਇਆ ਸੀ ਤੇ ਮਹਿਲਾ ਡਾਕਟਰ ਸੋਨੀਆ ਗਰਗ ਨੇ ਕਿਹਾ ਕਿ ਗਰਭਵਤੀ ਸੰਦੀਪ ਕੌਰ ਤੇ ਉਸਦੇ ਪੇਟ ’ਚ ਬੱਚੇ ਦੀ ਹਾਲਤ ਖ਼ਰਾਬ ਹੈ। ਡਾਕਟਰ ਨੇ ਆਸ਼ਾ ਵਰਕਰ ਨਿੰਦਰ ਕੌਰ ਜਰੀਏ ਉਸਤੋਂ ਵੱਡੇ ਆਪ੍ਰੇਸ਼ਨ ਖਾਤਰ ਪੰਜ ਹਜ਼ਾਰ ਰੁਪਏ ਮੰਗੇ। ਗੁਰਪ੍ਰੀਤ ਸਿੰਘ ਅਨੁਸਾਰ ਆਪਰੇਸ਼ਨ ਤੋਂ ਪਹਿਲਾਂ ਉਸਨੇ ਪੰਜ-ਪੰਜ ਸੌ ਦੇ ਦਸ ਦੇ ਨੋਟ ਡਾ. ਸੋਨੀਆ ਗਰਗ ਨੂੰ ਦਿੱਤੇ, ਜਿਹੜੇ ਡਾਕਟਰ ਨੇ ਕਥਿਤ ਤੌਰ ’ਤੇ ਉਸਤੋਂ ਇੱਕ ਕਮਰੇ ’ਚ ਜਾ ਕੈ ਲਏ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸਦੀ ਪਤਨੀ ਦੇ ਵੱਡੇ ਆਪ੍ਰੇਸ਼ਨ ਲਈ ਬੱਚੀ ਪੈਦਾ ਹੋਈ। ਜਿਹੜੀ ਹੁਣ ਬਠਿੰਡਾ ਵਿੱਚ ਜ਼ੇਰੇ ਇਲਾਜ ਹੈ। ਗੁਰਪ੍ਰੀਤ ਸਿੰਘ ਅਨੁਸਾਰ ਉਸਨੇ ਰਿਸ਼ਤੇਦਾਰ ਸੰਦੀਪ ਸਿੰਘ ਤੇ ਆਸ਼ਾ ਵਰਕਰ ਦੇ ਸਾਹਮਣੇ ਮਹਿਲਾ ਡਾਕਟਰ ਨੂੰ ਰੁਪਏ ਦਿੱਤੇ। ਉਸਨੇ ਕਿਹਾ ਕਿ ਜਦੋਂ ਸਰਕਾਰੀ ਹਸਪਤਾਲਾਂ ’ਚ ਇਲਾਜ ਮੁਫ਼ਤ ਹੈ ਤਾਂ ਉਸ ਤੋਂ ਪੰਜ ਹਜ਼ਾਰ ਰੁਪਏ ਕਾਹਦੇ ਲਏ ਗਏ। ਦੂਜੇ ਪਾਸੇ ਡਾ. ਸੋਨੀਆ ਗਰਗ ਨੇ ਸਮੁੱਚੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਕਿਹਾ ਕਿ ਉਸਨੇ ਆਪ੍ਰੇਸ਼ਨ ਖਾਤਰ ਕੋਈ ਰੁਪਏ ਨਹੀਂ ਲਏ। ਜੇ ਆਸ਼ਾ ਵਰਕਰ ਨੇ ਰੁਪਏ ਲਏ ਹਨ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇ। ਡਾ. ਸੋਨੀਆ ਨੇ ਕਿਹਾ ਕਿ ਮਰੀਜ਼ ਕੋਲੋਂ ਕੂਲਰ ਪਾਸੇ ਲਗਾਉਣ ਨੂੰ ਲੈ ਕੇ ਚੌਥਾ ਦਰਜਾ ਸਟਾਫ਼ ਨਾਲ ਵਿਵਾਦ ਹੋਇਆ ਸੀ।