ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 21 ਜੁਲਾਈ
ਕਰੋਨਾ ਮਹਾਂਮਾਰੀ, ਬਾਰਸ਼ਾਂ ਤੇ ਇਕ ਦਿਨ ਕੰਧ ਹੇਠ ਆ ਕੇ ਮਾਰੇ ਗਏ ਇਕ ਮੁਸਲਮਾਨ ਭਰਾ ਦੀ ਮੌਤ ਦੇ ਦੁੱਖ ਕਾਰਨ ਮੁਸਲਮਾਨ ਭਾਈਚਾਰੇ ਨੇ ਅੱਜ ਈਦ ਉਲ ਅਜਹਾ (ਬਕਰੀਦ) ਜਾਮਾ ਮਸਜਿਦ ਅਤੇ ਆਪੋ-ਆਪਣੇ ਘਰਾਂ ’ਚ ਨਮਾਜ਼ ਅਦਾ ਕਰਕੇ ਮਨਾਈ। ਇਸ ਮੌਕੇ ਮੁਸਲਿਮ ਇੰਤਜ਼ਾਮੀਆ ਕਮੇਟੀ ਦੇ ਚੇਅਰਮੈਨ ਮੁਹੰਮਦ ਅਸ਼ਰਫ, ਪ੍ਰਧਾਨ ਡਾ. ਮੁਹੰਮਦ ਸਈਫ ਨੇਤਾ ਜੀ ਅਤੇ ਸਕੱਤਰ ਅਕਬਰ ਅਲੀ ਹੋਰਾਂ ਨੇ ਦੱਸਿਆ ਕਿ ਇਸ ਮੌਕੇ ਬਾਰਸ਼ਾਂ ਕਾਰਨ ਕੰਧ ਡਿੱਗਣ ਕਰਕੇ ਅਨਵਰ ਅਲੀ ਦੇ ਫੌਤ ਹੋਣ ਅਤੇ ਉਸ ਦੇ ਪੁੱਤਰ ਦੇ ਜ਼ਖਮੀ ਹੋਣ ’ਤੇ ਅਫਸੋਸ ਪ੍ਰਗਟ ਕਰਦਿਆਂ ਸਭ ਦੀ ਤੰਦਰੁਸਤੀ ਦੀ ਦੁਆ ਕੀਤੀ ਗਈ।
ਸਮਾਲਸਰ (ਪੱਤਰ ਪ੍ਰੇਰਕ): ਇੱਥੇ ਅੱਜ ਪਿੰਡ ਲੰਡੇ ਦੀ ਨੂਰੀ ਮਸਜਿਦ ਵਿਚ ਈਦ-ਉਲ-ਜੁਹਾ ਦੀ ਨਮਾਜ਼ ਮੌਲਾਣਾ ਤਰਸੇਮ ਅਸ਼ਰਫੀ ਨੇ ਪੜ੍ਹਾਈ। ਇਸ ਮੌਕੇ ਕਿਸਾਨਾਂ ਦੇ ਚੱਲ ਰਹੇ ਕਿਸਾਨ ਸ਼ੰਘਰਸ਼ ਦੀ ਜਿੱਤ ਲਈ ਵਿਸ਼ੇਸ਼ ਦੁਆ ਕੀਤੀ ਗਈ। ਇਸ ਮੌਕੇ ਜਨਾਬ ਨੂਰ ਮੁਹੰਮਦ ਮੁਸਲਿਮ ਫਰੰਟ ਪੰਜਾਬ ਦੇ ਸਟੇਟ ਬਾਡੀ ਦੇ ਮੈਂਬਰ ਅਤੇ ਜਗਸੀਰ ਖਾਨ ਪ੍ਰਧਾਨ ਨੂਰੀ ਮਸਜਿਦ ਲੰਡੇ ਨੇ ਸੰਬੋਧਨ ਕੀਤਾ।
ਸ਼ਹਿਣਾ (ਪੱਤਰ ਪ੍ਰੇਰਕ): ਇੱਥੇ ਅੱਜ ਕਸਬੇ ਸ਼ਹਿਣਾ ਵਿਖੇ ਈਦ-ਉੱਲ-ਅਦਾ (ਬਕਰੀਦ) ਦਾ ਤਿਉਹਾਰ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵੱਲੋਂ ਈਦ ਮੌਕੇ ਇੱਕ-ਦੂਜੇ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਧਾਲੀਵਾਲ, ਸਰਭੂ ਸ਼ਹਿਣਾ, ਨਿੰਮਾ ਖਾਂ ਮੁਸਲਮਾਨਾਂ ਵੀਰਾਂ ਨੂੰ ਸੰਬੋਧਨ ਕੀਤਾ। ਵੱਖਰੇ ਸਮਾਗਮ ਜਾਮਾ ਮਸਜਿਦ ਸ਼ਹਿਣਾ (ਸਿੱਧੂ ਪੱਤੀ) ਵਿੱਚ ਭਾਕਿਯੂ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੱਤੀ।
ਮਾਨਸਾ (ਪੱਤਰ ਪ੍ਰੇਰਕ): ਇਥੇ ਅੱਜ ਮਸਜਿਦ ਕਬਰਸਤਾਨ ਵਾਲੀ ’ਤੇ ਮਦੀਨਾ ਮਸਜਿਦ ਮਾਨਸਾ ਵਿੱਚ ਈਦ-ਉਲ-ਜੂਹਾ ਦੀ ਨਮਾਜ਼ ਅਦਾ ਕੀਤੀ ਗਈ।ਦੋਵੇਂ ਮਸਜਿਦਾਂ ਵਿੱਚ ਖ਼ੁਤਬੇ ਵਿਚ ਮੁਲਕ ਦੀ ਸਲਾਮਤੀ ਤੇ ਭਾਈਚਾਰਕ ਸਾਂਝ ਦੀ ਦੁਆ ਕੀਤੀ ਗਈ। ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਐੱਚਆਰ ਮੋਫ਼ਰ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋ ਵੱਲੋਂ ਲੜੇ ਜਾ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਦਾ ਵਾਅਦੇ ਨੂੰ ਦੁਹਰਾਇਆ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਇੱਥੇ ਅਬੂ ਬੱਕਰ ਮਸਜਿਦ ਵਿੱਚ ਈਦ ਅਲ ਅਜੁਹਾ ਦਾ ਤਿਉਹਾਰ ਭਾਈਚਾਰੇ ਦੇ ਸੂਬਾਈ ਚੇਅਰਮੈਨ ਡਾ ਫ਼ਕੀਰ ਮੁਹੰਮਦ ਦੀ ਅਗਵਾਈ ਹੇਠ ਮਨਾਇਆ ਗਿਆ। ਮੌਲਵੀ ਅਬਦ ਹੁਸੈਨ ਨੇ ਦੁਨੀਆਂ ਵਿੱਚ ਅਮਨ ਸ਼ਾਂਤੀ ਦੀ ਦੁਆ ਕੀਤੀ। ਪਿੰਡ ਰੌਂਤਾ ਸਥਿਤ ਮਸਜਿਦ ਵਿੱਚ ਚਿਰਾਗ ਅੰਸਾਰੀ ਦੀ ਅਗਵਾਈ ਹੇਠ ਈਦ ਮਨਾਈ ਗਈ। ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਇਤਿਹਾਸਕ ਈਦਗਾਹ ਵਿੱਚ ਵੱਖ-ਵੱਖ ਵਰਗਾਂ ਨੇ ਮੁਸਲਿਮ ਭਾਈਚਾਰੇ ਨਾਲ ਰਲ਼ ਕੇ ਈਦ-ਉਲ-ਜੁਹਾ (ਬਕਰੀਦ) ਦਾ ਤਿਉਹਾਰ ਮਨਾਇਆ। ਇਸ ਮੌਕੇ ਬਾਸਕਿਟ ਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ, ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ, ਪ੍ਰਿੰਸੀਪਲ ਕੁਮਾਰ ਜਗਦੇਵ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸੰਬੋਧਨ ਕੀਤਾ। ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਿਲਾਵਰ ਹੁਸੈਨ, ਇਕਬਾਲ ਖਾਨ ਨੇ ਇਸ ਮੌਕੇ ਸ਼ਮੂਲੀਅਤ ਕੀਤੀ।
ਮਹਿਲ ਕਲਾਂ (ਪੱਤਰ ਪ੍ਰੇਰਕ): ਇੱਥੇ ਈਦ ਉਲ ਅਜਹਾ (ਬਕਰੀਦ) ਦੀ ਨਮਾਜ਼ ਅੱਜ ਸਥਾਨਕ ਈਦਗਾਹ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਈਦਗਾਹ ਵਿੱਚ ਅਦਾ ਕੀਤੀ ਗਈ। ਇਸ ਮੌਕੇ ਈਦਗਾਹ ਪ੍ਰਬੰਧਕ ਕਮੇਟੀ ਦੇ ਆਗੂ ਮੁਹੰਮਦ ਦਿਲਬਰ,ਮੁਹੰਮਦ ਅਕਬਰ ਅਤੇ ਅਬਦੁਲ ਸਿਤਾਰ ਨੇ ਸੰਬੋਧਨ ਕੀਤਾ।