ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 23 ਫਰਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ, ਸੰਘਰਸ਼ ਦੀ ਜਿੱਤ ਅਤੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਗਮ ਕਰ ਕੇ ਅਰਦਾਸ ਕੀਤੀ ਗਈ। ਇਸ ਵਿੱਚ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕਈ ਮਤੇ ਪਾ ਕੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਗਈ।
ਤਖ਼ਤ ਸਾਹਿਬ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਰੱਖੇ ਸਮਾਗਮ ਦੌਰਾਨ ਸੰਗਤੀ ਰੂਪ ਵਿੱਚ ਨਾਮ ਸਿਮਰਨ ਕਰ ਕੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਕੇਂਦਰ ਸਰਕਾਰ ਕਿਸਾਨੀ ਮਾਮਲੇ ਨੂੰ ਲੋਕ ਮਸਲਾ ਸਮਝਦਿਆਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨੁਮਇੰਦਿਆ ਨਾਲ ਗੱਲਬਾਤ ਕਰੇ। ਕਿਸਾਨੀ ਦੇ ਮਸਲੇ ਦਾ ਪੰਜਾਬ, ਹਰਿਆਣਾ ਅਤੇ ਉੁੱਤਰ ਪ੍ਰਦੇਸ਼ ਦੀ ਸਾਂਝੀ ਕਿਸਾਨ ਲੀਡਰਸ਼ਿਪ ਦੀ ਅਗਵਾਈ ਹੇਠ ਹੀ ਹੱਲ ਹੋਣ ਦਾ ਮਤਾ ਵੀ ਪਾਸ ਕੀਤਾ ਗਿਆ। ਮਤੇ ਵਿੱਚ ਕਿਹਾ ਗਿਆ ਕਿ ਕਿਸਾਨੀ ਸੰਘਰਸ਼ ਵਿੱਚ ਦਮਨ ਦੀ ਨੀਤੀ ਅਪਣਾਉਂਦਿਆਂ ਪੁਲੀਸ ਵੱਲੋਂ ਦਰਜ ਕੀਤੇ ਮਾਮਲੇ, ਕੀਤੀਆਂ ਗਈਆਂ ਗ੍ਰਿਫ਼ਤਾਰੀਆਂ, ਜੇਲ੍ਹਾਂ ਵਿੱਚ ਤਸ਼ੱਦਦ ਅਤੇ ਐੱਨਆਈਏ ਅਤੇ ਪੁਲੀਸ ਵੱਲੋਂ ਭੇਜੇ ਗਏ ਨੋਟਿਸ ਬੇਇਨਸਾਫ਼ੀ ਵਾਲੀ ਕਰਵਾਈ ਹੈ। ਸਰਕਾਰ ਬਿਨਾਂ ਸ਼ਰਤ ਦਰਜ ਕੀਤੇ ਸਾਰੇ ਕੇਸ ਤੇ ਜਾਰੀ ਕੀਤੇ ਨੋਟਿਸ ਰੱਦ ਕਰੇ ਅਤੇ ਗ੍ਰਿਫ਼ਤਾਰ ਕੀਤੇ ਸਾਰੇ ਲੋਕਾਂ ਨੂੰ ਤੁਰੰਤ ਰਿਹਾਅ ਕਰੇ। ਇੱਕ ਮਤੇ ਵਿੱਚ ਭਾਰਤ ਸਰਕਾਰ ਵੱਲੋਂ ਨਾਨਕਾਣਾ ਸਾਹਿਬ ਵਿਖੇ ਸਮਾਗਮਾਂ ਵਿੱਚ ਜਾਣ ਵਾਲੇ ਸਿੱਖ ਜਥੇ ਨੂੰ ਪ੍ਰਵਾਨਗੀ ਨਾ ਦਿੱਤੇ ਜਾਣ ਦੀ ਨਿਖੇਧੀ ਕੀਤੀ ਗਈ।