ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 17 ਅਕਤੂਬਰ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਆਪਣੇ ਫਤਿਹਗੜ੍ਹ ਪੰਜਤੂਰ ਦੇ ਚਾਰ ਹਜ਼ਾਰ ਬਿਜਲੀ ਖਪਤਕਾਰਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ। ਲਗਪਗ ਪੰਦਰਾਂ ਟਰਾਂਸਫਾਰਮਰਾਂ ਦੀ ਨਿਗਰਾਨੀ ਲਈ ਬਿਜਲੀ ਵਿਭਾਗ ਦਾ ਮਹਿਜ਼ ਇਕ ਹੀ ਲਾਈਨਮੈਨ ਹੈ। ਜੋ ਕੇਵਲ ਦਿਨ ਵੇਲੇ ਕੁਝ ਘੰਟਿਆਂ ਦੀ ਡਿਊਟੀ ਕਰਕੇ ਸ਼ਾਮ ਨੂੰ ਆਪਣੇ ਘਰੇ ਚਲਾ ਜਾਂਦਾ ਹੈ। ਬਿਜਲੀ ਸ਼ਿਕਾਇਤ ਕੇਂਦਰ ਦੇ ਨਾਂ ’ਤੇ ਇੱਥੇ ਕੁਝ ਵੀ ਨਹੀਂ ਹੈ। ਲਗਪਗ ਪੰਦਰਾਂ ਵਰ੍ਹੇ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਇੱਥੇ ਸ਼ਿਕਾਇਤ ਕੇਂਦਰ ਸਥਾਪਤ ਕੀਤਾ ਗਿਆ ਸੀ ਜਿੱਥੇ ਖਪਤਕਾਰ ਆਪਣੀਆਂ ਮੁਸ਼ਕਲਾਂ ਦਰਜ ਕਰਵਾਉਂਦੇ ਸਨ ਪਰ ਅਮਲੇ ਦੀ ਘਾਟ ਕਾਰਨ ਇਹ ਸ਼ਿਕਾਇਤ ਕੇਂਦਰ ਦਹਾਕਾ ਪਹਿਲਾਂ ਬੰਦ ਕਰ ਦਿੱਤਾ ਗਿਆ। ਸ਼ਹਿਰੀ ਫੀਡਰ ਹੋਣ ਕਾਰਨ ਕਿਸੇ ਵੇਲੇ ਇੱਥੇ ਤਿੰਨ ਸ਼ਿਫਟਾਂ ਵਿੱਚ ਬਿਜਲੀ ਮੁਲਾਜ਼ਮ ਡਿਊਟੀ ਕਰਦੇ ਸਨ। ਪਰ ਹੁਣ ਕਈ ਵਰ੍ਹਿਆਂ ਤੋਂ ਇਥੇ ਦੋ ਮੁਲਾਜ਼ਮ ਡਿਊਟੀ ਕਰ ਰਹੇ ਸਨ ਜਿਨ੍ਹਾਂ ਵਿੱਚੋਂ ਇਕ ਲਾਈਨਮੈਨ ਲੰਘੀ ਤੀਹ ਸਤੰਬਰ ਨੂੰ ਸੇਵਾਮੁਕਤ ਹੋ ਗਿਆ ਹੈ। ਹੁਣ ਇੱਥੇ ਚਾਰ ਹਜ਼ਾਰ ਖਪਤਕਾਰਾਂ ਦੇ ਮਸਲੇ ਸੁਲਝਾਉਣ ਲਈ ਤੇ ਬਿਜਲੀ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਹਿਜ ਇੱਕ ਮੁਲਾਜ਼ਮ ਹੀ ਬਾਕੀ ਬਚਿਆ ਹੈ। ਉਹ ਵੀ ਸਵੇਰੇ ਦੱਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਡਿਊਟੀ ਕਰਕੇ ਆਪਣੇ ਘਰਾਂ ਨੂੰ ਚਲਾ ਜਾਂਦਾ ਹੈ। ਇਸ ਤੋਂ ਬਾਅਦ ਦੀ ਬਿਜਲੀ ਦੀ ਖਰਾਬੀ ਪੈਦਾ ਹੋਣ ਨੂੰ ਲੈ ਕੇ ਪਾਵਰ ਕਾਰਪੋਰੇਸ਼ਨ ਨੇ ਇੱਕ ਤਰ੍ਹਾਂ ਨਾਲ ਹੱਥ ਖੜ੍ਹੇ ਕਰ ਦਿੱਤੇ ਹਨ। ਅਨੇਕਾਂ ਵਾਰ ਟਰਾਂਸਫਾਰਮਰ ਤੋਂ ਉੱਡੇ ਫਿਊਜ਼ ਕਈ ਕਈ ਘੰਟੇ ਨਹੀਂ ਲੱਗ ਪਾਉਂਦਾ ਹੈ। ਦੇਰ ਸ਼ਾਮ ਇੱਥੇ ਬਿਜਲੀ ਦੀ ਹੋਈ ਖ਼ਰਾਬੀ ਅਗਲੇ ਦਿਨ ਤਕ ਠੀਕ ਹੋਣ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ। ਇੱਥੋਂ ਦੇ ਖਪਤਕਾਰਾਂ ਨੂੰ ਪਾਵਰਕੌਮ ਦੇ ਇਸ ਰਵੱਈਏ ਨੇ ਪੂਰੀ ਤਰ੍ਹਾਂ ਨਿਰਾਸ਼ ਕਰ ਰੱਖਿਆ ਹੈ। ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪਮੰਡਲ ਅਧਿਕਾਰੀ ਕੇਵਲ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਵਿਭਾਗ ਕੋਲ ਮੁਲਾਜ਼ਮਾਂ ਦੀ ਘਾਟ ਕਾਰਨ ਹੀ ਇਹ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦੀਆਂ ਹਦਾਇਤਾਂ ਮੁਤਾਬਕ ਇਥੇ ਠੇਕਾ ਆਧਾਰ ’ਤੇ ਦੋ ਮੁਲਾਜ਼ਮ ਤਾਂ ਰੱਖੇ ਹੋਏ ਹਨ ਪਰ ਉਹ ਸਾਰੇ ਉਪ ਮੰਡਲ ’ਚ ਹੀ ਡਿਊਟੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫਤਿਹਗੜ੍ਹ ਪੰਜਤੂਰ ਵਾਸੀਆਂ ਦੀਆਂ ਮੁਸ਼ਕਲਾਂ ਦਾ ਇਲਮ ਤਾਂ ਹੈ ਪਰ ਬੇਵੱਸ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਮਸਲੇ ਦਾ ਹੱਲ ਕੱਢਣਗੇ।