ਰਵਿੰਦਰ ਰਵੀ
ਬਰਨਾਲਾ, 19 ਅਗਸਤ
ਜ਼ਿਲ੍ਹੇ ਦੇ ਬਹੁਤੇ ਸਰਕਾਰੀ ਵਿਭਾਗਾਂ ਵੱਲ ਪਾਵਰਕੌਮ ਦਾ ਜੁਲਾਈ ਤੱਕ 97 ਕਰੋੜ 55 ਲੱਖ 47 ਹਜ਼ਾਰ ਰੁਪਏ ਦਾ ਬਕਾਇਆ ਖੜ੍ਹਾ ਹੈ। ਸਰਕਾਰੀ ਵਿਭਾਗਾਂ ਤੋਂ ਇਲਾਵਾ ਧਨਾਢ ਪ੍ਰਾਈਵੇਟ ਵਪਾਰਕ ਅਦਾਰਿਆਂ ਅਤੇ ਘਰੇਲੂ ਖਪਤਕਾਰਾਂ ਵੱਲ 46 ਕਰੋੜ 38 ਲੱਖ 8 ਹਜ਼ਾਰ ਬਕਾਇਆ ਖੜ੍ਹਾ ਹੈ। ਆਮ ਖਪਤਕਾਰਾਂ ਨੂੰ ਬਿੱਲ ਭਰਨ ਦੇ ਸਬੰਧ ਵਿੱਚ ਕੋਈ ਮੋਹਲਤ ਨਾ ਦੇਣ ਵਾਲਾ ਪਾਵਰਕੌਮ ਕਰੋੜਾਂ ਰੁਪਏ ਤੋਂ ਜ਼ਿਆਦਾ ਬਕਾਏ ਦੇ ਬਾਵਜੂਦ ਇਨ੍ਹਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਰਿਹਾ ਹੈ। ਪਾਵਰਕੌਮ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਲ ਬਰਨਾਲਾ ਅਧੀਨ ਆਉਂਦੀਆਂ ਤਿੰਨ ਡਿਵੀਜ਼ਨਾਂ- ਬਰਨਾਲਾ ਦਿਹਾਤੀ, ਸ਼ਹਿਰੀ ਧੂਰੀ ਅਤੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਜੁਲਾਈ ਤੱਕ ਪਾਵਰਕੌਮ ਦਾ ਕਈ ਧਨਾਢਾਂ ਵੱਲ ਸਾਲਾਂ ਤੋਂ ਬਕਾਇਆ ਖੜ੍ਹਾ ਹੈ।
ਇਨ੍ਹਾਂ ਵਿੱਚ ਬਰਨਾਲਾ ਡਿਵੀਜ਼ਨ ਅਧੀਨ ਆਉਂਦੇ ਸ਼ਹਿਰੀ ਬਰਨਾਲਾ ਦਾ 6 ਕਰੋੜ 7 ਲੱਖ 64 ਹਜ਼ਾਰ, ਦਿਹਾਤੀ ਬਰਨਾਲਾ ਦਾ 12 ਕਰੋੜ 14 ਲੱਖ 69 ਹਜ਼ਾਰ, ਧੂਰੀ ਡਿਵੀਜ਼ਨ ’ਚ 6 ਕਰੋੜ 80 ਲੱਖ 43 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ। ਸਭ ਤੋਂ ਵੱਧ ਰਕਮ ਨਵਾਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਦੇ ਧਨਾਢਾਂ ਵੱਲ 21 ਕਰੋੜ 36 ਲੱਖ 10 ਹਜ਼ਾਰ ਰੁਪਏ ਬਕਾਇਆ ਖੜ੍ਹੀ ਹੈ।
ਸਰਕਾਰੀ ਵਿਭਾਗਾਂ ’ਚ ਸ਼ਾਮਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲ 45 ਕਰੋੜ 49 ਲੱਖ 35 ਹਜ਼ਾਰ ਰੁਪਏ, ਸਥਾਨਕ ਸਰਕਾਰ ਵਿਭਾਗ ਵੱਲ 32 ਕਰੋੜ 88 ਲੱਖ 33 ਹਜ਼ਾਰ, ਸੀਵਰੇਜ ਬੋਰਡ ਵੱਲ 5 ਕਰੋੜ 3 ਲੱਖ 75 ਹਜ਼ਾਰ, ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਵੱਲ 8 ਕਰੋੜ 51 ਲੱਖ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲ 2 ਕਰੋੜ 75 ਲੱਖ 27 ਹਜ਼ਾਰ ਰੁਪਏ ਬਕਾਇਆ ਰਕਮ ਖੜ੍ਹੇ ਹਨ। ਇਸ ਤੋਂ ਇਲਾਵਾ ਲੱਖਾਂ ਰੁਪਏ ਦੀ ਰਕਮ ਕਈ ਹੋਰ ਵਿਭਾਗਾਂ ਵੱਲ ਖੜ੍ਹੀ ਹੈ।
ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ: ਉਪ ਮੁੱਖ ਇੰਜਨੀਅਰ
ਸਰਕਲ ਬਰਨਾਲਾ ਦੇ ਉਪ ਮੁੱਖ ਇੰਜਨੀਅਰ ਤੇਜ ਬਾਂਸਲ ਨੇ ਕਿਹਾ ਕਿ ਜਿਨ੍ਹਾਂ ਵਿਭਾਗਾਂ ਵੱਲ ਬਕਾਇਆ ਖੜ੍ਹਾ ਹੈ, ਉਨ੍ਹਾਂ ਵਿਭਾਗਾਂ ਵੱਲੋਂ ਫੰਡਾਂ ਦੀ ਘਾਟ ਹੋਣ ਦਾ ਕਾਰਨ ਦੱਸ ਕੇ ਪਿਛਲੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਵਪਾਰਕ ਤੇ ਘਰੇਲੂ ਖਪਤਕਾਰਾਂ ਵੱਲ ਖੜ੍ਹੇ ਬਕਾਏ ਦੀ ਰਕਮ ਦੇ ਕਈ ਕੇਸ ਅਦਾਲਤਾਂ ’ਚ ਵਿਚਾਰ ਅਧੀਨ ਹਨ। ਇਸ ਸਬੰਧੀ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਹੈ।