ਜੋਗਿੰਦਰ ਸਿੰਘ ਮਾਨ
ਮਾਨਸਾ, 21 ਨਵੰਬਰ
ਜੁਆਇੰਟ ਫੋਰਮ ਪਾਵਰਕੌਮ ਮਾਨਸਾ ਵੱਲੋਂ ਅੱਜ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਡਿਵੀਜ਼ਨ ਪੱਧਰੀ ਰੋਸ ਰੈਲੀ ਕੀਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਉਨ੍ਹਾਂ ਦੀਆਂ ਲੰਬੇ ਅਰਸੇ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਨਹੀਂ ਮੰਨੀ ਰਹੀ ਹੈ।
ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਮਕ ਰਹੀਆਂ ਵਾਜ਼ਬ ਮੰਗਾਂ ਜਿਵੇਂ ਕਿ ਪੇਅ-ਬੈਂਡ, ਡੀਏ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਸਕੀਮ, ਕੱਚੇ ਕਾਮੇ ਪੱਕੇ ਕਰਨੇ ਅਤੇ ਮੁਲਜ਼ਮਾਂ ਦੀਆਂ ਬਣਦੀਆਂ ਤਰੱਕੀਆਂ ਕਰਨ ਸਬੰਧੀ ਕਾਰਪੋਰੇਸ਼ਨ ਦੀ ਮੈਨੇਜਮੈਂਟ ਨਾਲ ਲਿਖਤੀ ਰੂਪ ਵਿਚ ਹੋਏ ਸਮਝੌਤੇ ਲਾਗੂ ਨਾ ਹੋਣ ਕਾਰਨ ਸਮੂਹ ਮੁਲਜ਼ਮਾਂ ਵਿੱਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਲਈ ਮੁਲਾਜ਼ਮਾਂ ਵੱਲੋਂ ਕੀਤੀ ਇਸ ਰੋਸ ਰੈਲੀ ਵਿੱਚ ਪਾਵਰਕੌਮ ਦਾ ਸਮੁੱਚਾ ਕੰਮ ਅਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਕਟ ਦੀ ਘੜੀ ਨੂੰ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਦਾਰੇ ਦੇ ਮੁਲਾਜ਼ਮ ਲੋਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਅਤੇ ਮੈਨੇਜਮੈਂਟ ਦੇ ਕੰਨਾਂ ਤਕ ਮੁਲਾਜ਼ਮਾਂ ਦੀ ਹੱਕੀ ਆਵਾਜ਼ ਪੁੱਜਦਾ ਕਰਨ ਲਈ ਉਨ੍ਹਾਂ ਨੂੰ ਇਹ ਐਕਸ਼ਨ ਕਰਨੇ ਪੈ ਰਹੇ ਹਨ।
ਇਸ ਮੌਕੇ ਗੁਰਦਰਸ਼ਨ ਸਿੰਘ ਟਾਹਲੀਆਂ, ਕਰਤਾਰ ਸਿੰਘ, ਸੰਜੀਵ ਕੁਮਾਰ, ਧਰਮਿੰਦਰ ਸਿਂੰਘ, ਵਰਿੰਦਰ ਸਿੰਘ ਲਾਡੀ, ਬਿਕਰ ਸਿੰਘ ਮਾਖਾ, ਸੁਖਪ੍ਰੀਤ ਸਿੰਘ, ਜਗਸੀਰ ਸਿੰਘ ਕੋਟਲੱਲੂ, ਜਤਿੰਦਰ ਸਿੰਘ ਮੂਸਾ, ਭਗਵਾਨ ਸਿੰਘ ਭਾਟੀਆ ਤੇ ਗੁਰਤੇਜ ਸਿੰਘ ਨੇ ਵੀ ਸੰਬੋਧਨ ਕੀਤਾ।
ਭੁੱਚੋ ਮੰਡੀ (ਪਵਨ ਗੋਇਲ): ਐਂਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਜੁਆਇੰਟ ਫੋਰਮ ਪਾਵਰਕੌਮ ਪੰਜਾਬ ਦੇ ਸੱਦੇ ’ਤੇ ਅੱਜ ਆਪਣੀਆਂ ਮੰਗਾਂ ਦੀ ਪੂਰਤੀ ਲਈ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਮੁਲਾਜ਼ਮ ਫਰੰਟ ਪੰਜਾਬ ਦੇ ਸੂਬਾ ਆਗੂ ਬਲਜੀਤ ਸਿੰਘ ਬਰਾੜ ਬੋਦੀਵਾਲਾ ਅਤੇ ਜਨਰਲ ਸਕੱਤਰ ਤਰਸੇਮ ਸਿੰਘ ਨੇ ਕਿਹਾ ਕਿ ਪੇਅ ਬੈਂਡ ਦੇ ਮਸਲੇ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਨੇ 26 ਨਵੰਬਰ ਤੱਕ ਸਮੂਹਕ ਛੁੱਟੀਆਂ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ, ਜੋ ਪੂਰੇ ਸਿਖ਼ਰ ’ਤੇ ਹੈ। ਪੰਜਾਬ ਵਿੱਚ ਗਰਿੱਡ ਸੁੰਨੇ ਹੋ ਗਏ ਹਨ ਅਤੇ ਦਫ਼ਤਰਾਂ ਨੂੰ ਜਿੰਦਰੇ ਲੱਗੇ ਪਏ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਪੂਰਾ ਪੰਜਾਬ ਹਨੇਰੇ ਵਿੱਚ ਡੁੱਬ ਜਾਵੇਗਾ ਅਤੇ ਇਸ ਲਈ ਪਾਵਰਕੌਮ ਦੇ ਪ੍ਰਬੰਧਕ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਪ੍ਰਬੰਧਕ ਲਿਖਤੀ ਤੌਰ ’ਤੇ ਮੰਗਾਂ ਮੰਨ ਕੇ ਮੁੱਕਰ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰੇ।
ਇਸ ਮੌਕੇ ਆਗੂ ਨਿਰਭੈ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ ਅਤੇ ਹਰਜਸ ਸਿੰਘ ਟੀਐਸਯੂ ਦੇ ਆਗੂ ਨਗਿੰਦਰ ਪਾਲ ਸਿੰਘ, ਰਵੀਪਾਲ ਸਿੰਘ ਸਿੱਧੂ, ਐਮਐਸਯੂ ਦੇ ਆਗੂ ਦਲਜੀਤ ਸਿੰਘ ਭੁੱਲਰ, ਪਰਮਿੰਦਰ ਸਿੰਘ ਅਤੇ ਜਗਦੇਵ ਸਿੰਘ ਪਿੱਥੋ ਨੇ ਸੰਬੋਧਨ ਕੀਤਾ।