ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਦਸੰਬਰ
ਬਿਜਲੀ ਵਿਭਾਗ ਦੇ ਜੂਨੀਅਰ ਇੰਜਨੀਅਰ 10 ਦਸੰਬਰ ਤੋਂ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਦੇ ਰਾਹ ਪਏ ਹੋਏ ਹਨ ਜਿਸ ਕਰਕੇ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਰੋਜ਼ਾਨਾ ਕਈ-ਕਈ ਘੰਟੇ ਬਿਜਲੀ ਠੱਪ ਰਹਿੰਦੀ ਹੈ ਤੇ ਨਿੱਕੇ ਨੁਕਸ ਵੀ ਵੱਡੇ ਬਣ ਜਾਂਦੇ ਹਨ।
ਅੱਜ ਸਮੂਹਿਕ ਛੁੱਟੀ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੇ ਸੱਤਵੇਂ ਦਿਨ ਆਊਟਲੈਟ ਸਟੋਰ ਅੱਗੇ ਕੀਤੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਇੰਜਨੀਅਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਾਵਰ ਇੰਜਨੀਅਰਜ਼ ਵੱਲੋਂ 10 ਦਸੰਬਰ ਤੋ ਲਗਾਤਾਰ ਸਮੂਹਿਕ ਛੁੱਟੀ ਲੈ ਕੇ ਕੀਤੇ ਜਾ ਰਹੇ ਸੰਘਰਸ਼ ਨੂੰ 21 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ ਕਿਉਂਕਿ ਪਾਵਰਕੌਮ ਦੇ ਜੂਨੀਅਰ ਇੰਜੀਨੀਅਰਾਂ ਨੂੰ ਉਨ੍ਹਾਂ ਦੇ ਹਮਰੁਤਬਾ ਪੰਜਾਬ ਸਰਕਾਰ ਵਿੱਚ ਕੰਮ ਕਰਦੇ ਜੂਨੀਅਰ ਇੰਜੀਨੀਅਰਾਂ ਨਾਲੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਜਦੋਕਿ ਉਨ੍ਹਾਂ ਦੀ ਡਿਊਟੀ 24 ਘੰਟੇ ਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪਾਵਰਕੌਮ ਦੇ ਜੇ ਈ ਨੂੰ ਮੁਢਲੀ ਤਨਖਾਹ 19770 ਰੁਪਏ ਫਿਕਸ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਤਾਂ ਉਹ 21 ਦਸੰਬਰ ਨੂੰ ਪਾਵਰਕਾਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਮੂਹਰੇ ਸੂਬਾ ਪੱਧਰੀ ਧਰਨਾ ਦੇਣਗੇ।
ਮੁਲਾਜ਼ਮ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਰੈਲੀ
ਭੀਖੀ (ਕਰਨ ਭੀਖੀ) ਸਥਾਨਕ ਸਬ ਡਿਵੀਜ਼ਨ ਵਿਚ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ। ਸੂਬਾ ਕਾਨੂੰਨੀ ਸਲਾਹਕਾਰ ਪਰਮਜੀਤ ਸਿੰਘ ਭੀਖੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਵਿਰੋਧੀ ਸਰਕੁਲਰ ਜਾਰੀ ਕੀਤੇ ਗਏ ਹਨ ਇਹ ਸਰਾਸਰ ਗਲਤ ਹਨ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਇਹ ਪੇਅ ਸਕੇਲ ਦੇਣਾ ਮੰਨਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ ਜਿਸ ਦਾ ਉਨ੍ਹਾਂ ਦੀ ਜਥੇਬੰਦੀ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਪੂਰਨ ਤੌਰ ’ਤੇ ਵਿਰੋਧ ਕਰਦੀ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਦੌਰਾਨ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ’ਤੇ ਕੀਤੇ ਤਸ਼ੱਦਦ ਦੀ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਸਕਿਓਰਿਟੀ ਦੇ ਡੀਐਸਪੀ ਗੁਰਮੀਤ ਸਿੰਘ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰਧਾਨ ਉੱਗਰ ਸਿੰਘ ਦਲੇਲ ਸਿੰਘ ਵਾਲਾ, ਕਰਮਜੀਤ ਸਿੰਘ ਖੀਵਾ, ਰੂਪ ਸਿੰਘ ਫਰਵਾਹੀ, ਤਰਸੇਮ ਸਿੰਘ ਅਲੀਸ਼ੇਰ, ਬਹਾਦਰ ਸਿੰਘ ਖੀਵਾ, ਗੁਰਬਿੰਦਰ ਸਿੰਘ ਖੀਵਾ, ਦਿਨੇਸ਼ ਕੁਮਾਰ ਸੋਨੀ, ਹਰਜੀਤ ਸਿੰਘ ਸੁਨਾਮ, ਸੰਜੀਵ ਕੁਮਾਰ ਭੀਖੀ, ਨਰੋਤਮ ਸਿੰਘ ਧਲੇਵਾਂ, ਸੰਦੀਪ ਸਿੰਘ ਬੋੜਾਵਾਲ, ਕੁਲਦੀਪ ਸਿੰਘ ਬੱਪੀਆਣਾ ਆਦਿ ਹਾਜ਼ਰ ਸਨ।