ਬਲਜੀਤ ਸਿੰਘ
ਸਰਦੂਲਗੜ੍ਹ, 20 ਨਵੰਬਰ
ਪਾਵਰਕੌਮ ਮੁਲਾਜ਼ਮਾਂ ਦੀ ਹੜਤਾਲ ਕਾਰਨ 4 ਦਿਨਾਂ ਤੋਂ ਸਰਦੂਲਗੜ੍ਹ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਹੈ ਤੇ ਲੋਕ ਪ੍ਰੇਸ਼ਾਨ ਹਨ। ਸ਼ਹਿਰ ਵਾਸੀ ਬਿਜਲੀ ਸਪਲਾਈ ਚਾਲੂ ਕਰਾਉਣ ਲਈ ਜਦ ਐੱਸਡੀਓ ਸਰਦੂਲਗੜ੍ਹ ਕੋਲ ਸ਼ਿਕਾਇਤ ਲੈ ਕੇ ਗਏ ਤਾਂ ਹੜਤਾਲੀ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ। ਇਸ ਕਰਨ ਸ਼ਹਿਰੀ ਤੇ ਕਰਮਚਾਰੀ ਆਹਮੋ-ਸਾਹਮਣੇ ਹੋ ਗਏ ਤੇ ਦੋਵਾਂ ਧਿਰਾਂ ਨੇ ਪਾਵਰਕੌਮ ਦਫਤਰ ਵਿਖੇ ਧਰਨਾ ਲਗਾ ਦਿੱਤਾ। ਹਾਲਾਤਾਂ ਨੂੰ ਵਿਗੜਦੇ ਵੇਖਦੇ ਹੋਏ ਥਾਣਾ ਮੁੱਖੀ ਸਰਦੂਲਗੜ੍ਹ ਸੰਦੀਪ ਭਾਟੀ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਸ਼ਹਿਰ ਵਾਸੀਆ ਦੇ ਧਰਨੇ ਵਿੱਚ ਰਿੰਪੀ ਬਰਾੜ, ਭੁਪਿੰਦਰ ਸਿੰਘ ਐਡਵੋਕੇਟ ਚਰਨ ਦਾਸ ਚਰਨੀ ਅਤੇ ਕਾਮਰੇਡ ਬੰਸੀ ਲਾਲ ਨੇ ਕਿਹਾ ਕਿ 4 ਦਿਨਾਂ ਤੋਂ ਬਿਜਲੀ ਬੰਦ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ’ਚ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਦੂਸਰੇ ਪਾਸੇ ਕਰਮਚਾਰੀ ਮੰਗਾਂ ਲਈ ਧਰਨੇ ’ਤੇ ਹੋਏ ਹਨ। ਮਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਜੇ ਸੂਬਾ ਸਰਕਾਰ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਧਰਨਾ ਲਗਾਤਾਰ ਜਾਰੀ ਰਹੇਗਾ। ਐੱਸਡੀਓ ਰਾਜੀਵ ਸਿੰਗਲਾ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਪਲਾਈ ਚਲਾ ਦਿੱਤੀ ਹੈ।