ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 18 ਨਵੰਬਰ
ਬਿਜਲੀ ਮੁਲਾਜ਼ਮਾਂ ਵੱਲੋਂ ਅੱਜ ਵੀ ਐਕਸੀਅਨ ਦਫਤਰ ਅੱਗੇ ਰੋਸ ਰੈਲੀ ਕੀਤੀ ਗਈ। ਰੈਲੀ ’ਚ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਤੇ ਮੁਲਾਜ਼ਮ ਸੰਯੁਕਤ ਸੰਗਠਨ ਦੇ ਆਗੂਆਂ ਨੇ ਹਿੱਸਾ ਲਿਆ। ਰੈਲੀ ਦੌਰਾਨ ਪਾਵਰਕੌਮ ਅਤੇ ਟਰਾਂਸਕੋ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅੱਜ ਦੀ ਇਸ ਰੋਸ ਰੈਲੀ ਦੀ ਪ੍ਰਧਾਨਗੀ ਸਾਥੀ ਬੱਘਾ ਸਿੰਘ ਨੇ ਕੀਤੀ।
ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ। ਉਨ੍ਹਾਂ ਦੀਆਂ ਮੰਗਾਂ ਵਿੱਚ ਪੇਅ ਬੈਂਡ ਪਹਿਲੀ ਦਸੰਬਰ 2011 ਤੋਂ ਦੇਣਾ, 23 ਸਾਲਾ ਸਕੇਲ ਦੇਣਾ, ਸਹਾਇਕ ਲਾਇਨਮੈਨ ਤੋਂ ਲਾਇਨਮੈਨ ਬਨਾਉਣਾ, ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਬਿਜਲੀ ਯੂਨਿਟਾਂ ਦੀ ਰਿਆਇਤ ਹਰੇਕ ਮੁਲਾਜ਼ਮ ਨੂੰ ਦੇਣਾ ਸ਼ਾਮਲ ਹਨ। ਅੱਜ ਦੇ ਰੈਲੀ ਨੂੰ ਸਾਥੀ ਰਜਿੰਦਰ ਸਿੰਘ, ਕੇਵਲ ਕ੍ਰਿਸ਼ਨ, ਰੋਹਿਤ ਬਾਘਲਾ, ਚੇਤੰਨ ਕੁਮਾਰ, ਸੁਖਵਿੰਦਰ ਭਗਤ, ਭਗਵਾਨ ਚੰਦ ਨੇ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਬਿਜਲੀ ਬੋਰਡ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਸਮੂਹਿਕ ਛੁੱਟੀ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਅੱਜ ਵੀ ਜਾਰੀ ਰਿਹਾ। ਇਸ ਮੌਕੇ ਮੁਲਾਜ਼ਮ ਆਗੂ ਬਲਜੀਤ ਸਿੰਘ ਮੋਦਲਾ, ਬਰਜਿੰਦਰ ਸ਼ਰਮਾ, ਗੁਰਦੀਪ ਸਿੰਘ, ਰਣਜੀਤ ਸਿੰਘ ਥਾਂਦੇਵਾਲਾ, ਨਛੱਤਰ ਸਿੰਘ ਥਾਂਦੇ ਆਦਿ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਪ੍ਰਵਾਨ ਕੀਤੀਆਂ ਮੰਗਾਂ ਲਾਗੂ ਨਾ ਕਰਕੇ ਸਮੁੱਚੇ ਮੁਲਾਜ਼ਮਾਂ ਨਾਲ ਵਾਅਦਾ-ਖ਼ਿਲਾਫ਼ੀ ਕੀਤੀ ਗਈ ਹੈ।
ਬਿਜਲੀ ਮੁਲਾਜ਼ਮ ਏਕਤਾ ਮੰਚ ਨੇ ਸੰਘਰਸ਼ 26 ਤੱਕ ਵਧਾਇਆ
ਬਰਨਾਲਾ (ਪਰਸ਼ੋਤਮ ਬੱਲੀ): ਬਿਜਲੀ ਮੁਲਾਜ਼ਮ ਏਕਤਾ ਮੰਚ ’ਚ ਸ਼ਾਮਲ ਬਿਜਲੀ ਮੁਲਾਜ਼ਮਾਂ ਵੱਲੋਂ ਸਥਾਨਕ ਵਿਭਾਗੀ ਦਫ਼ਤਰ ਵਿੱਚ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮੰਚ ਆਗੂ ਹਰਬੰਸ ਸਿੰਘ ਦੀਦਾਰਗੜ੍ਹ ਤੇ ਜਗਤਾਰ ਸਿੰਘ ਖੇੜੀ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਪਿਛਲੇ ਲੰਬੇ ਸਮੇਂ ਤੋਂ ਏਕਤਾ ਮੰਚ ਨਾਲ ਮੰਗਾਂ ਸੰਬੰਧੀ ਵਾਰ-ਵਾਰ ਸਮਝੌਤੇ ਕਰਕੇ ਮੁੱਕਰ ਰਹੀ ਹੈ। ਆਗੂਆਂ ਕਿਹਾ ਕਿ 2011 ਤੋਂ ਲਟਕ ਰਿਹਾ ਪੇਅ ਬੈਂਡ ਦਾ ਮੁੱਦਾ ਅਤੇ ਹੋਰ ਮੰਗਾਂ ਜਿਵੇਂ ਕਿ ਕੱਚੇ ਮੁਲਾਜ਼ਮਾ ਨੂੰ ਪੱਕਾ ਕਰਨਾ, ਸਹਾਇਕ ਲਾਇਨਮੈਨ ਤੋਂ ਲਾਇਨਮੈਨ ਦੀ ਤਰੱਕੀ ਆਦਿ ਸਮੇਤ ਹੋਰ ਸਥਾਨਕ ਮੁੱਦੇ ਵੀ ਹੱਲ ਨਹੀਂ ਕੀਤੇ ਜਾ ਰਹੇ। ਸਿੱਟੇ ਵਜੋਂ ਮੰਚ ਨੇ ਚੱਲ ਰਹੇ ਸੰਘਰਸ਼ ਵਿੱਚ ਵਾਧਾ ਕਰਦੇ ਹੋਏ 26 ਨਵੰਬਰ ਤੱਕ ਛੁੱਟੀ ’ਤੇ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਮੰਚ ਆਗੂ ਚੇਤ ਸਿੰਘ ਨੇ ਕਿਹਾ ਕਿ ਮੰਗਾਂ ਨਾ ਮੰਨੀਆਂ ਜਾਣ ’ਤੇ 22 ਤੋਂ 26 ਨਵੰਬਰ ਤੱਕ ਮੁੱਖ ਦਫ਼ਤਰ ਪਾਵਰਕੌਮ ਪਟਿਆਲਾ ਦੇ ਗੇਟ ਅੱਗੇ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ।