ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਪਰੈਲ
ਮਾਲਵਾ ਖੇਤਰ ਦੇ ਪੇਂਡੂ ਅਤੇ ਸ਼ਹਿਰੀ ਫੀਡਰਾਂ ਤੋਂ ਲੱਗਦੇ ਬਿਜਲੀ ਕੱਟਾਂ ਤੋਂ ਅੱਕੇ ਲੋਕ ਹੁਣ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਦਾ ਘਿਰਾਓ ਕਰਨ ਲੱਗੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਵੱਖ-ਵੱਖ ਰੂਪ ਵਿੱਚ ਅੱਜ ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਦਫ਼ਤਰ ਦਾ ਘਿਰਾਓ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਖੇਤੀ ਸੈਕਟਰ ਨੂੰ ਪੂਰੀ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਘਰੇਲੂ ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟ ਘਟਾਏ ਜਾਣ। ਧਰਨਾਕਾਰੀਆਂ ਨੂੰ ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਕਰੇ। ਉਧਰ ਭਾਕਿਯੂ ਏਕਤਾ (ਡਕੌਂਦਾ) ਵੱਲੋਂ ਦਫ਼ਤਰ ਦਾ ਘਿਰਾਓ ਕੀਤਾ ਗਿਆ। ਜਥੇਬੰਦੀ ਨੇ ਦੋਸ਼ ਲਾਇਆ ਕਿ ਤੂੜੀ ਘੱਟ ਬਣਨ ਕਾਰਨ ਕਿਸਾਨਾਂ ਵੱਲੋਂ ਮੱਕੀ,ਬੀਜੀ ਹੋਈ ਹੈ ਅਤੇ ਨਰਮੇ ਦੀ ਬਿਜਾਈ ਸਿਰ ’ਤੇ ਹੈ, ਪਰ ਬਿਜਲੀ ਦੀ ਸਪਲਾਈ ਦਾ ਮਾੜਾ ਹਾਲ ਹੋਣ ਕਾਰਨ ਫ਼ਸਲਾਂ ਸੁੱਕਣ ਲੱਗੀਆਂ ਹਨ। ਇਸ ਧਰਨੇ ਨੂੰ ਮੱਖਣ ਸਿੰਘ ਭੈਣੀਬਾਘਾ,ਬਲਵਿੰਦਰ ਸ਼ਰਮਾ ਖਿਆਲਾ ਨੇ ਵੀ ਸੰਬੋਧਨ ਕੀਤਾ।
ਬਠਿੰਡਾ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਅੱਜ ਇਥੇ ਨਹਿਰਾਂ ਕੋਲ ਬਿਜਲੀ ਦੀ ਕਿੱਲਤ ਖ਼ਿਲਾਫ਼ ਸੜਕ ’ਤੇ ਧਰਨਾ ਦੇ ਕੇ ਆਵਾਜਾਈ ਰੋਕੀ। ਕਿਸਾਨ ਆਗੂਆਂ ਰੇਸ਼ਮ ਸਿੰਘ ਯਾਤਰੀ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਬਿਜਲੀ ਦੀ ਅਣਹੋਂਦ ਕਾਰਣ ਮੱਕੀ, ਗੰਨਾ, ਹਰਾ ਚਾਰਾ ਅਤੇ ਸਬਜ਼ੀਆਂ ਦੀਆਂ ਫਸਲਾਂ ਸੁੱਕ ਰਹੀਆਂ ਹਨ।
ਏਲਨਾਬਾਦ (ਜਗਤਾਰ ਸਮਾਲਸਰ): ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋਏ ਪਿੰਡ ਮੁਮੇਰਾ ਖੁਰਦ ਦੇ ਕਿਸਾਨਾਂ ਨੇ ਅੱਜ ਏਲਨਾਬਾਦ ਤੋਂ ਮੁਮੇਰਾ ਨੂੰ ਜਾਣ ਵਾਲੀ ਸੜਕ ’ਤੇ ਜਾਮ ਲਗਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਕਿਸਾਨਾਂ ਸ਼ਾਮ ਲਾਲ,ਰਾਕੇਸ਼ ਗੋਦਾਰਾ, ਰਾਕੇਸ਼ ਸਿਹਾਗ,ਸੋਹਨ ਲਾਲ,ਹਮੀਰ ਸਿੰਘ,ਧਰਮ ਸਿੰਘ,ਰਾਜ ਕੁਮਾਰ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਪਿੰਡਾਂ ਵਿੱਚ ਬਿਜਲੀ ਦੀ ਨਾਕਸ ਸਪਲਾਈ ਤੋਂ ਲੋਕ ਪ੍ਰੇਸ਼ਾਨ ਹਨ। ਜਾਮ ਦੀ ਸੂਚਨਾ ਮਿਲਦਿਆ ਹੀ ਬਿਜਲੀ ਵਿਭਾਗ ਦੇ ਐੱਸਡੀਓ ਵਨੀਤ ਕੰਬੋਜ ਅਤੇ ਜੇਈ ਵਿਨੋਦ ਕੁਮਾਰ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵਿਸ਼ਵਾਸ ਦੁਆਇਆ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਇੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੁੂਪੁਰ ਵੱਲੋਂ ਪਿੰਡ ਮੰਡੀ ਕਲਾਂ ਵਿਚ ਬਿਜਲੀ ਨਾ ਆਉਣ ਕਾਰਨ ਬੀਤੇ ਕੱਲ੍ਹ ਤੋ ਲੈ ਕੇ ਪਿੰਡ ਦੇ ਗਰਿੱਡ ਅੱਗੇ ਵੀ ਧਰਨਾ ਲਗਾਇਆ ਗਿਆ ਸੀ ਜਦੋਂ ਇਸ ਦਾ ਮਸਲਾ ਹੱਲ ਨਾ ਹੋਇਆ ਤਾਂ ਅੱਜ ਕਰੀਬ 12 ਵਜੇ ਜਥੇਬੰਦੀ ਵੱਲੋਂ ਅੱਤ ਦੀ ਗਰਮੀ ‘ਚ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜਾਮ ਲੱਗਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਟਰੈਫਿਕ ਪੁਲੀਸ ਨੂੰ ਵਾਹਨਾਂ ਨੂੰ ਹੋਰ ਰਸਤਿਆਂ ਰਾਹੀਂ ਲੰਘਾਉਣਾ ਪਿਆ। ਪਿੰਡ ਇਕਾਈ ਪ੍ਰਧਾਨ ਬਲਰਾਜ ਸਿੰਘ ਬਾਜਾ ਤੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜੇ ਬਿਜਲੀ ਦੀ ਸਪਲਾਈ ਨਿਰਵਿਘਨ ਨਾ ਦਿੱਤੀ ਤਾਂ ਆਉਣ ਵਾਲੇ ਸਮੇਂ ਅੰਦਰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਸਿਰਸਾ (ਪ੍ਰਭੂ ਦਿਆਲ): ਸ਼ਹਿਰੀ ਤੇ ਪੇਂਡੂ ਖੇਤਰ ’ਚ ਬਿਜਲੀ ਦੇ ਅਣ ਐਲਾਨੇ ਲੱਗ ਰਹੇ ਲੰਮੇ ਕੱਟਾਂ ਤੋਂ ਲੋਕ ਦੁਖੀ ਹੋ ਗਏ ਹਨ। ਟਿਊਬਵੈੱਲਾਂ ਲਈ ਲੋੜੀਂਦੀ ਬਿਜਲੀ ਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਨਰਮੇ ਦੀ ਬਿਜਾਈ ਦੇ ਪੱਛੜਣ ਦਾ ਖਦਸ਼ਾ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਟਿਊਬਵੈੱਲਾਂ ਲਈ ਅੱਠ ਘੰਟੇ ਅਤੇ ਘਰੇਲੂ ਬਿਜਲੀ 24 ਘੰਟੇ ਨਿਰਵਿਘਣ ਮੁਹੱਈਆ ਕਰਵਾਈ ਜਾਏ।
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਕਹਿਰ ਦੀ ਇਸ ਗਰਮੀ ਵਿੱਚ ਬਿਜਲੀ ਬਿਨਾਂ ਲੋਕ ਬੇਹਾਲ ਹੋ ਰਹੇ ਹਨ। ਕੱਟਾਂ ਦਾ ਕੋਈ ਸਮਾਂ ਵੀ ਤੈਅ ਨਹੀਂ ਹੈ। ਬਿਜਲੀ ’ਤੇ ਨਿਰਭਰ ਕਾਰੋਬਾਰੀਆਂ ਦੇ ਕੰਮ ਬੁਰੀ ਤਰਾਂ ਪ੍ਹਭਾਵਿਤ ਹੋ ਰਹੇ ਹਨ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਖੇਤਰ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਲੱਗ ਰਹੇ ਲੰਮੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਪਿੰਡ ਸਹਿਜੜਾ ਦੇ ਬੱਸ ਸਟੈਂਡ ਅੱਗੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲ ਮਾਜਰਾ, ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ,ਨੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਨਾਉਣ ਦੀ ਮੰਗ ਕੀਤੀ।
ਤਪਾ ਮੰਡੀ: ( ਪੱਤਰ ਪ੍ਰੇਰਕ): ਭਾਕਿਯੂ ਸਿੱਧੂਪੁਰ ਵੱਲੋਂ ਤਾਜੋ ਕੈਂਚੀਆਂ ਹਾਈ ਵੇਅ ਦੇ ਫਲਾਈਓਵਰ ਪੁਲ ਦੇ ਥੱਲੇ ਪਹੁੰਚੇ ਕਿਸਾਨਾਂ ਨੇ ਮਾਨ ਸਰਕਾਰ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।
ਫਾਜ਼ਿਲਕਾ (ਪਰਮਜੀਤ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੂੰ ਲੈਕੇ ਅੱਜ ਫਾਜ਼ਿਲਕਾ-ਅਬੋਹਰ ਰੋਡ ’ਤੇ ਸਥਿਤ ਜ਼ਿਲ੍ਹੇ ਦੇ ਪਿੰਡ ਬੋਦੀਵਾਲਾ ਪੀਥਾ ਦੇ ਨੇੜੇ ਆਵਾਜਾਈ ਠੱਪ ਕਰਕੇ ਧਰਨਾ ਲਗਾਇਆ ਗਿਆ।
ਬਿਜਲੀ ਗਰਿੱਡਾਂ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਬਿਜਲੀ ਸਪਲਾਈ ਵਿੱਚ ਲੱਗ ਰਹੇ ਲੰਮੇ-ਲੰਮੇ ਕੱਟਾਂ ਤੋਂ ਅੱਕੇ ਗੁੰਮਟੀ ਕਲਾਂ ਦੇ ਵਾਸੀਆਂ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਹਰਨੇਕ ਸਿੰਘ ਗੁੰਮਟੀ ਦੀ ਅਗਵਾਈ ਹੇਠ ਭਾਈਰੂਪਾ ਦੇ ਬਿਜਲੀ ਘਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਪ੍ਰਧਾਨ ਹਰਨੇਕ ਸਿੰਘ, ਕੁਲਵੰਤ ਸਿੰਘ, ਗੁਰਦਿੱਤ ਸਿੰਘ, ਰਾਜਾ ਸਿੰਘ, ਸੁਖਦੇਵ ਸਿੰਘ, ਸਮਿੰਦਰ ਸਿੰਘ, ਬਲਜੀਤ ਸਿੰਘ, ਮੱਖਣ ਸਿੰਘ, ਹਰਬੰਸ ਸਿੰਘ, ਜੁਗਰਾਜ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਬਿਜਲੀ ਦੇ ਲੰਮੇ-ਲੰਮੇ ਕੱਟ ਲਗਾਏ ਜਾ ਰਹੇ ਸਨ ਜਿਸ ਕਾਰਨ ਲੋਕਾਂਦਾ ਗਰਮੀ ਕਾਰਨ ਜੀਣਾ ਮੁਹਾਲ ਹੋ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਗੁੰਮਟੀ ਕਲਾਂ ਲਈ ਨਿਰਵਿਘਨ ਬਿਜਲੀ ਸਪਲਾਈ ਲੈਣ ਲਈ ਉਨ੍ਹਾਂ ਵੱਲੋਂ ਭਾਈਰੂਪਾ ਗਰਿੱਡ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ ਜਦੋਂ ਤੱਕ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਜਾਂਦੀ ਧਰਨਾ ਜਾਰੀ ਰਹੇਗਾ।
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਨੇੜਲੇ ਪਿੰਡ ਧੌਲਾ ਦੇ 66 ਕੇਵੀ ਗਰਿੱਡ ਤੋਂ ਬਿਜਲੀ ਸਪਲਾਈ ਨਿਰਵਿਘਨ ਨਾ ਮਿਲਣ ਕਾਰਨ ਪਿੰਡ ਰੂੜੇਕੇ ਕਲਾਂ ਦੇ ਨੌਜਵਾਨਾਂ ਨੇ ਅੱਧੀ ਰਾਤ ਨੂੰ ਹੀ ਧੌਲਾ ਦੇ ਗਰਿੱਡ ਦਾ ਘਿਰਾਓ ਕਰ ਲਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ,ਕੁਲਵਿੰਦਰ ਸਿੰਘ ,ਜੱਗੀ ਸਿੰਘ ਨੇ ਕਿਹਾ ਕਿ ਜੇ ਸਪਲਾਈ ਵਿਚ ਸੁਧਾਰ ਨਾ ਹੋਇਆਂ ਤਾਂ ਵੱਡਾ ਐਕਸ਼ਨ ਲਿਆ ਜਾਏਗਾ। ਇਸ ਮੌਕੇ ਬਿੰਦਰ ਮਾਨ , ਸੁਖਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ ।
ਬਿਜਲੀ ਸੰਕਟ ਕਾਰਨ ਵਿਧਾਇਕ ਨੇ ਥਰਮਲ ਦਾ ਦੌਰਾ ਕੀਤਾ
ਭੁੱਚੋ ਮੰਡੀ (ਪੱਤਰ ਪ੍ਰੇਰਕ): ਬਿਜਲੀ ਸੰਕਟ ਦੇ ਚਲਦਿਆਂ ਅੱਜ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦਾ ਦੌਰਾ ਕੀਤਾ ਅਤੇ ਥਰਮਲ ਦੇ ਮੁੱਖ ਇੰਜਨੀਅਰ ਮਦਨ ਸਿੰਘ ਧੀਮਾਨ ਤੋਂ ਬਿਜਲੀ ਦੀ ਪੈਦਾਵਾਰ ਸਬੰਧੀ ਜਾਣਕਾਰੀ ਹਾਸਲ ਕੀਤੀ। ਮੁੱਖ ਇੰਜਨੀਅਰ ਨੇ ਦੱਸਿਆ ਕਿ ਥਰਮਲ ਵਿੱਚ 920 ਮੈਗਾਵਾਟ ਸਮਰੱਥਾ ਵਾਲੇ ਕੁੱਲ ਚਾਰ ਯੂਨਿਟ ਹਨ, ਜੋ ਇਸ ਸਮੇਂ ਚਾਲੂ ਹਾਲਤ ਵਿੱਚ ਹਨ। ਇਸ ਥਰਮਲ ਵਿੱਚ ਬਿਜਲੀ ਦੀ ਪੈਦਾਵਾਰ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਵਿਧਾਇਕ ਨੂੰ ਭਰੋਸਾ ਦਿੱਤਾ ਕਿ ਪੈਡੀ ਦੇ ਸੀਜ਼ਨ ਵਿੱਚ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।