ਪਵਨ ਗੋਇਲ
ਭੁੱਚੋ ਮੰਡੀ, 3 ਮਈ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚੋਂ ਰਾਖ ਚੁੱਕਣ ਦੇ ਮਾਮਲੇ ਨੂੰ ਲੈ ਕੇ ਅੱਜ ਟਰੱਕ ਅਪਰੇਟਰ ਯੂਨੀਅਨ ਭੁੱਚੋ ਮੰਡੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਟਰੈਕਟਰ ਟਰਾਲੀ ਐਸੋਸੀਏਸ਼ਨ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਚਕਾਰ ਤਣਾਅ ਪੈਦਾ ਹੋ ਗਿਆ। ਟਰਾਲੀ ਯੂਨੀਅਨ ਦੇ ਵਰਕਰਾਂ ਨੇ ਟਰੱਕਾਂ ਨੂੰ ਰਾਖ ਨਾ ਭਰਨ ਦੇਣ ਲਈ ਥਰਮਲ ਦੇ ਗੇਟ ਅੱਗੇ ਧਰਨਾ ਦਿੱਤਾ। ਦੋਵੇਂ ਹੀ ਧਿਰਾਂ ਇੱਕ ਦੂਜੇ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਰਹੀਆਂ ਸਨ ਅਤੇ ਥਰਮਲ ਦੇ ਮੁੱਖ ਰਸਤੇ ’ਤੇ ਡਟੀਆਂ ਹੋਈਆਂ ਸਨ। ਪਰ ਹਾਲੇ ਤੱਕ ਲੜਾਈ ਝਗੜੇ ਤੋਂ ਬਚਾਅ ਸੀ। ਇਸ ਮੌਕੇ ਟਰਾਲੀ ਯੂਨੀਅਨ ਦੇ ਸਰਪ੍ਰਸਤ ਪੂਰਨ ਸਿੰਘ ਅਤੇ ਪ੍ਰਧਾਨ ਪ੍ਰਿਥੀ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਥਰਮਲ ਵਿੱਚੋਂ ਰਾਖ ਚੁੱਕਣ ਦਾ ਕੰਮ ਕਰ ਰਹੇ ਹਨ ਅਤੇ ਇਹੀ ਉਨ੍ਹਾਂ ਦਾ ਮੁੱਖ ਰੁਜ਼ਗਾਰ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਟਰੱਕਾਂ ਵਾਲਿਆਂ ਨੂੰ ਰਾਖ ਨਹੀਂ ਭਰਨ ਦੇਣਗੇ। ਇਸ ਦੌਰਾਨ ਟਰੱਕ ਅਪਰੇਟਰ ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਦੇ ਬਰਿੰਦਰਪਾਲ ਬਿੰਪਾ, ਸਰਬਜੀਤ ਸਿੰਘ ਮਾਹਲ, ਅਮਰਦੀਪ ਲਾਲੀ, ਕੁਲਦੀਪ ਸਿੰਘ ਅਤੇ ਹਰਦਮ ਸਿੰਘ ਨੇ ਕਿਹਾ ਕਿ ਥਰਮਲ ਵਿੱਚੋਂ ਰਾਖ ਚੁੱਕਣ ਲਈ ਅਲਟਰਾਟੈੱਕ ਸੀਮਿੰਟ ਫੈਕਟਰੀ ਲਹਿਰਾ ਮੁਹੱਬਤ ਨੇ ਟਰੱਕ ਮੰਗੇ ਸਨ। ਜਦੋਂ ਉਹ ਟਰੱਕ ਭਰਨ ਗਏ ਤਾਂ ਟਰਾਲੀ ਯੂਨੀਅਨ ਦੇ ਚਾਲਕਾਂ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਕਿਹਾ ਕਿ ਇੱਥੋਂ ਰਾਖ ਭਰਨ ਲਈ ਹੋਰ ਥਾਵਾਂ ਤੋਂ ਟਰੱਕ ਆਏ ਸਨ, ਉਨ੍ਹਾਂ ਨੂੰ ਅਸੀਂ ਰੋਕ ਦਿੱਤਾ ਅਤੇ ਉਹ ਵਾਪਸ ਚਲੇ ਗਏ। ਦੋਵੇਂ ਧਿਰਾਂ ਆਪਣੇ ਫੈਸਲੇ ’ਤੇ ਅੜੀਆਂ ਹੋਣ ਕਾਰਨ ਕਿਸੇ ਵੇਲੇ ਵੀ ਲੜਾਈ ਝਗੜਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ।