ਪੱਤਰ ਪ੍ਰੇਰਕ
ਤਪਾ ਮੰਡੀ, 12 ਜੁਲਾਈ
ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਕੂੜੇ ਕਰਕਟ ਦੇ ਢੇਰ ਲੱਗੇ ਹੋਏ ਹਨ। ਢਿੱਲਵਾਂ ਰੋਡ ’ਤੇ ਵੀ ਸਫ਼ਾਈ ਦੀ ਹਾਲਤ ਮਾੜੀ ਹੈ। ਨਵੇਂ ਅਤੇ ਬਾਹਰਲੇ ਬੱਸ ਅੱਡੇ ਲਾਗੇ ਵੀ ਕੂੜਾ ਖਿਲਰਿਆ ਹੋਇਆ ਹੈ। ਇੱਥੇ ਕੂੜਾ ਪਾਉਣ ਲਈ ਰੱਖੇ ਕੂੜਾਦਾਨ ਵੀ ਗੰਦਗੀ ਨਾਲ ਭਰੇ ਪਏ ਹਨ। ਨਗਰ ਕੌਂਸਲ ਨੇ ਕੂੜਾਦਾਨਾਂ ਨੂੰ ਖਾਲੀ ਕਰਨ ਵੱਲ ਧਿਆਨ ਨਹੀਂ ਦਿੱਤਾ। ਪਸ਼ੂਆਂ ਨੇ ਇਨ੍ਹਾਂ ਵਿਚੋਂ ਖਾਣਾ ਲੱਭਦਿਆਂ ਟੇਢਾ ਕਰ ਦਿੱਤਾ ਹੈ। ਇਸ ਕਾਰਨ ਕੂੜਾਦਾਨਾਂ ਵਿੱਚ ਪਈ ਗੰਦਗੀ ਸੜਕ ਤਕ ਪੁੱਜ ਗਈ ਹੈ ਅਤੇ ਤੇਜ਼ ਹਵਾ ਨਾਲ ਇਹ ਦੂਰ ਦੂੂਰ ਤਕ ਗੰਦਗੀ ਫੈਲਾਅ ਰਹੀ ਹੈ। ਮੀਹਾਂ ਕਾਰਨ ਇਸ ਵਿੱਚੋਂ ਬਦਬੂ ਮਾਰ ਰਹੀ ਹੈ। ਲੋਕਾਂ ਨੇ ਨਗਰ ਕੌਂਸਲ ਤਪਾ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ।
ਨਗਰ ਕੌਂਸਲ ਦੇ ਈਓ ਸੁਨੀਲ ਦੱਤ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਬਦਲ ਕੇ ਆਇਆਂ ਕੁੱਝ ਦਿਨ ਹੀ ਹੋਏ ਹਨ। ਸਫ਼ਾਈ ਬਾਰੇ ਸਬੰਧਿਤ ਅਧਿਕਾਰੀ ਨੂੰ ਕਹਿ ਦਿੱਤਾ ਗਿਆ ਹੈ।
ਕੌਂਸਲ ਦੇ ਸਫ਼ਾਈ ਇੰਸਪੈਕਟਰ ਅਮਨਦੀਪ ਸ਼ਰਮਾ ਨੇ ਕਿਹਾ ਕਿ ਭਲਕੇ ਹੀ ਸਫ਼ਾਈ ਦਾ ਕੰਮ ਕਰਵਾ ਦਿੱਤਾ ਜਾਵੇਗਾ।