ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਸਤੰਬਰ
ਸੂਬਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਵੱਛ ਮੁਹਿੰਮ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ। ਇਥੇ ਸਰਕਾਰੀ ਹਸਪਤਾਲ ’ਚ ਗੰਦਗੀ ਕਾਰਨ ਵਾਰਡਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸਰਜੀਕਲ ਵਾਰਡ ’ਚ ਦਾਖਲ ਇੱਕ ਬਜ਼ੁਰਗ ਦੀ ਲੱਤ ’ਚ ਹੋਏ ਜਖ਼ਮ ਉੱਤੇ ਕੀੜੇ ਚੱਲ ਰਹੇ ਹਨ।
ਇਥੇ ਸਿਵਲ ਹਸਪਤਾਲ ਦੇ ਸਰਜੀਕਲ ਵਾਰਡ ’ਚ ਇੱਕ ਪਰਵਾਸੀ ਮਜ਼ਦੂਰ ਅਤੇ ਇੱਕ ਬਜ਼ੁਰਗ ਦਾਖ਼ਲ ਸੀ। ਦੋਵਾਂ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਸਿਹਤ ਵਿਭਾਗ ਬਿਲਕੁਲ ਗੰਭੀਰ ਨਹੀਂ ਹੈ। ਬਜ਼ੁਰਗ ਦੀ ਲੱਤ ’ਚ ਜ਼ਖ਼ਮਾਂ ਉੱਤੇ ਕੀੜੇ ਚੱਲ ਰਹੇ ਸਨ ਅਤੇ ਉਹ ਵਾਰਡ ’ਚ ਫ਼ਰਸ ਉੱਤੇ ਪਿਆ ਸੀ। ਜਦੋਂ ਕਿ ਵਾਰਡ ਵਿੱਚ ਕੋਈ ਵੀ ਸਰਕਾਰੀ ਕਾਮਾ ਡਿਉੂਟੀ ਉੱਤੇ ਮੌਜੂਦ ਨਹੀਂ ਸੀ। ਵਾਰਡ ’ਚ ਢੁੱਕਵੀਆਂ ਸਿਹਤ ਸਹੂਲਤਾਂ ਅਤੇ ਸਫ਼ਾਈ ਪ੍ਰਬੰਧ ਨਾ ਹੋਣ ਕਾਰਨ ਮਰੀਜ਼ਾਂ ਦੇ ਹੰਝੂ ਵਹਿ ਰਹੇ ਹਨ ਅਤੇ ਜ਼ਿੰਦਗੀ ਜਿਉੂਣ ਦੇ ਮਕਸਦ ਨਾਲ ਹਸਪਤਾਲ ਪਹੁੰਚੇ ਇਹ ਮਰੀਜ਼ ਸਰਕਾਰੀ ਲਾਪ੍ਰਵਾਹੀ ਨਾਲ ਮੌਤ ਦੇ ਮੂੰਹ ’ਚ ਜਾ ਸਕਦੇ ਹਨ। ਸਰਜੀਕਲ ਵਾਰਡ ’ਚ ਨਾ ਤਾਂ ਸਾਫ਼-ਸਫ਼ਾਈ ਦੇ ਪ੍ਰਬੰਧ ਹਨ ਅਤੇ ਨਾ ਹੀ ਦਾਖਲ ਮਰੀਜ਼ਾਂ ਦੀ ਸਹੀ ਢੰਗ ਨਾਲ ਦੇਖਭਾਲ ਦੇ ਪ੍ਰਬੰਧ ਹਨ ਜਿਸ ਕਾਰਨ ਹਸਪਤਾਲ ਦੀ ਹਾਲਤ ਬਦਤਰ ਬਣੀ ਹੋਈ ਹੈ। ਇਥੇ ਵਾਰਡਾਂ ਅਤੇ ਪਖਾਨਿਆਂ ਵਿੱਚ ਇੰਨੀ ਗੰਦਗੀ ਅਤੇ ਬਦਬੂ ਫ਼ੈਲੀ ਹੋਈ ਦੇਖੀ ਕਿ ਸ਼ਾਇਦ ਪਸ਼ੂਆਂ ਦੇ ਤਬੇਲੇ ਵਿੱਚ ਵੀ ਵੇਖਣ ਨੂੰ ਨਾ ਮਿਲੇ। ਸਫ਼ਾਈ ਸਮੇਤ ਦੂਸਰੇ ਘਟੀਆ ਪ੍ਰਬੰਧਾਂ ਕਾਰਨ ਮਰੀਜ਼ ਮਾਨਸਿਕ ਤੌਰ ’ਤੇ ਟੁੱਟ ਰਹੇ ਹਨ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅਤਰੀ ਨੇ ਕਿਹਾ ਕਿ ਵਾਰਡ ਇੰਚਾਰਜ ਅਤੇ ਸਫ਼ਾਈ ਕਰਮਚਾਰੀਆਂ ਨੂੰ ਆਪਣੀ ਡਿਊਟੀ ਪ੍ਰਤੀ ਪੂਰਾ ਜ਼ਿੰਮੇਵਾਰ ਬਣਾਇਆ ਜਾਵੇਗਾ। ਜਦੋਂ ਉਨ੍ਹਾਂ ਦਾ ਧਿਆਨ ਸਰਜੀਕਲ ਵਾਰਡ ’ਚ ਦਾਖਲ ਬਜ਼ੁਰਗ ਮਰੀਜ਼ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਮਰੀਜ਼ ਦਾ ਕੋਈ ਵਾਰਸ ਨਹੀਂ ਮਿਲ ਰਿਹਾ ਅਤੇ ਉਹ ਮਾਨਸਿਕ ਰੋਗੀ ਜਾਪਦਾ ਹੈ ਜੋ ਖੁਦ ਹੀ ਬੈੱਡ ਤੋਂ ਉਤਰ ਕੇ ਥੱਲੇ ਲੇਟ ਜਾਂਦਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਪਾਸੇ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇਗਾ ਅਤੇ ਸਾਫ਼-ਸਫ਼ਾਈ ਤੁਰੰਤ ਕਰਵਾ ਦਿੱਤੀ ਜਾਵੇਗੀ।