ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਫ਼ਰਵਰੀ
ਇਥੇ ਨਗਰ ਨਿਗਮ ਚੋਣ ’ਚ ਆਗੂ ਕਾਂਗਰਸ ਉਮੀਦਵਾਰਾਂ ਦੀ ਹਾਰ ਦਾ ਠੀਕਰਾ ਇਕ-ਦੂਜੇ ਸਿਰ ਭੰਨਣ ਲੱਗ ਪਏ ਹਨ। ਮੋਗਾ ’ਚ ਪਹਿਲਾਂ ਹੀ ਫੁੱਟ ਦਾ ਸ਼ਿਕਾਰ ਪਾਰਟੀ ਅੰਦਰ ਕਾਟੋ-ਕਲੇਸ਼ ਵਧਣ ਦੀ ਸੰਭਾਵਨਾ ਹੈ। ਇਸ ਦੌਰਾਨ ਅਕਾਲੀ ਤੇ ‘ਆਪ’ ਵੱਲੋਂ ਵੀ ਸਿਆਸੀ ਤੀਰ ਛੱਡਣ ਨਾਲ ਇਥੇ ਰਾਜਨੀਤੀ ਗਰਮਾ ਗਈ ਹੈ।
ਇਥੇ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਲਈ ਕਾਂਗਰਸ ਆਗੂ ਮਾਰਕੀਟ ਕਮੇਟੀ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਨੇ ਸੋਸ਼ਲ ਮੀਡੀਆ ਉਤੇ ਟਿਕਟਾਂ ਦੀ ਗਲਤ ਵੰਡ ਦੱਸਦੇ ਸਵਾਲ ਉਠਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਬਾਅ ਹੇਠ ਆ ਕੇ ਐਨ ਮੌਕੇ ਉੱਤੇ ਮਜ਼ਬੂਤ ਉਮੀਦਵਾਰਾਂ ਦੀਆਂ ਟਿਕਟਾਂ ਕੱਟਣ ਦਾ ਪਾਰਟੀ ਨੂੰ ਖ਼ਮਿਆਜ਼ਾ ਭੁਗਤਣਾ ਪਿਆ ਹੈ।
ਕਾਂਗਰਸ ਸਿਰਫ ਇਥੋਂ 50 ਸੀਟਾਂ ’ਚੋਂ ਸਿਰਫ਼ 20 ਸੀਟਾਂ ਹੀ ਜਿੱਤ ਸਕੀ। ਉਨ੍ਹਾਂ ਦੀ ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਨੇ 15 ਸੀਟਾਂ ਜਿੱਤ ਕੇ ਆਪਣੇ ਗੁਆਚੇ ਲੋਕ ਅਧਾਰ ਵਿੱਚ ਵਾਧਾ ਦਰਜ ਕਰ ਲਿਆ ਹੈ। ਕਾਂਗਰਸ ਲਈ ਇਸ ਤੋਂ ਵੀ ਮਾੜਾ ਇਹ ਹੋਇਆ ਵਿਧਾਇਕ ਡਾ. ਹਰਜੋਤ ਕਮਲ ਦੇ ਵਕਾਰ ਦਾ ਸਵਾਲ ਵਾਰਡ ਨੰਬਰ 1 ਤੋਂ ਉਨ੍ਹਾਂ ਦੀ ਪਤਨੀ ਡਾ. ਰਾਜਿੰਦਰ ਕੌਰ ਵੀ ਚੋਣ ਹਾਰ ਗਈ। ਨਤੀਜਿਆਂ ਨੇ ਪਾਰਟੀ ਅਤੇ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਹਾਲਾਂ ਕਿ ਕਾਂਗਰਸ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਦਰਜਨ ਤੋਂ ਵੱਧ ਅਕਾਲੀ-ਭਾਜਪਾ ਸਾਬਕਾ ਕੌਂਸਲਰਾਂ ਦੀ ਦਲਬਦਲੀ ਕਰਵਾ ਕੇ ਕਾਂਗਰਸ ਟਿਕਟਾਂ ਉੱਤੇ ਦਾਅ ਖੇਡਿਆ ਸੀ ਜੋ ਵੋਟਰਾਂ ਨੂੰ ਪਸੰਦ ਨਹੀਂ ਆਇਆ।
ਵਿਧਾਇਕ ਡਾ. ਹਰਜੋਤ ਕਮਲ ਨੇ ਪਾਰਟੀ ਦਾ ਹਲਕੇ ’ਚ ਜਨ ਅਧਾਰ ਵਧਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਕਾਲੀ ਹਕੂਮਤ ਵੇਲੇ ਪਿਛਲੀ ਨਿਗਮ ਚੋਣਾਂ ਦੌਰਾਨ ਕਾਂਗਰਸ ਸਿਰਫ਼ ਇਕ ਵਾਰਡ ‘ਚੋਂ ਜਿੱਤ ਸਕੀ ਸੀ ਪਰ ਹੁਣ 20 ਉਮੀਦਵਾਰ ਚੋਣ ਜਿੱਤੇ ਅਤੇ 8 ਉਮੀਦਵਾਰ ਮਹਿਜ਼ 20 ਤੋਂ 30 ਵੋਟਾਂ ਦੇ ਅੰਤਰ ਨਾਲ ਹਾਰੇ ਹਨ। ਉੂਨ੍ਹਾਂ ਲੋਕਤੰਤਰ ਪ੍ਰਣਾਲੀ ਦੌਰਾਨ ਵੋਟਾਂ ਵੰਡੇ ਜਾਣ ਕਾਰਨ ਅਕਸਰ ਅਜਿਹਾ ਵਰਤਾਰਾ ਹੋਣ ਦੀ ਗੱਲ ਵੀ ਆਖੀ।
ਸ੍ਰੋਮਣੀ ਅਕਾਲੀ ਦਲ ਦੇ ਕੌਮੀ ਉੱਪ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸ਼ਹਿਰੀ ਵੋਟਰਾਂ ਨੇ ਕਾਂਗਰਸ ਦੇ ਨਾਂਹ ਪੱਖੀ ਏਜੰਡੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਬਹੁ ਗਿਣਤੀ ਵਾਰਡਾਂ ’ਚ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਹੈ। ਆਮ ਆਦਮੀ ਪਾਰਟੀ ਹਲਕਾ ਇੰਚਾਰਜ਼ ਨਵਦੀਪ ਸਿੰਘ ਸੰਘਾ ਅਤੇ ਪਾਰਟੀ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਨੇ ਕਿਹਾ ਕਿ ਪਾਰਟੀ ਦਾ ਪਹਿਲੀ ਵਾਰ ਸ਼ਹਿਰੀ ਚੋਣਾਂ ਲਈ ਹਿੱਸਾ ਲਿਆ ਅਤੇ 4 ਸੀਟਾਂ ਉੱਤੇ ਜਿੱਤ ਹਾਸਲ ਕੀਤੀ। ਲੋਕ ਆਮ ਆਦਮੀ ਪਾਰਟੀ ਨੂੰ ਆਪਣਾ ਰਹੇ ਹਨ।