ਜੋਗਿੰਦਰ ਸਿੰਘ ਮਾਨ
ਮਾਨਸਾ, 7 ਨਵੰਬਰ
ਮਾਲਵੇ ਦੀਆਂ ਸ਼ਹਿਰੀ ਅਨਾਜ ਮੰਡੀਆਂ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚੋਂ ਅੱਜ-ਕੱਲ੍ਹ ਰਾਜ ਦੀ ਸੱਤਾਧਾਰੀ ਕਾਂਗਰਸ ਪਾਰਟੀ ਸਮੇਤ ਵਿਰੋਧ ਧਿਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗਾਇਬ ਹਨ। ਜਦੋਂ ਅੰਨਦਾਤਾ ਆਪਣਾ ਝੋਨਾ ਵੇਚਣ ਲਈ ਮੰਡੀਆਂ ਵਿਚ ਬੈਠਾ ਹੈ ਤਾਂ ਸਿਆਸੀ ਆਗੂ ਉਸ ਦੀ ਮੰਡੀ ਵਿਚ ਸਾਰ ਲੈਣ ਵੀ ਨਹੀਂ ਜਾ ਰਹੇ। ਕਿਸਾਨ ਹਫ਼ਤੇ ਤੋਂ ਝੋਨਾ ਵੇਚਣ ਲਈ ਮੰਡੀਆਂ ਵਿਚ ਬੈਠੇ ਹਨ ਪਰ ਕੋਈ ਸਿਆਸੀ ਆਗੂ ਉਨ੍ਹਾਂ ਨੂੰ ਝੋਨਾ ਵਿਕਵਾਉਣ ਦਾ ਧਰਵਾਸ ਨਹੀਂ ਦੇ ਰਿਹਾ।
ਮਾਲਵਾ ਖੇਤਰ ਵਿੱਚ ਐਤਕੀ ਕਿਸਾਨਾਂ ਨੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਸਿਆਸੀ ਨੇਤਾਵਾਂ ਦੇ ਘਿਰਾਓ ਦਾ ਸਿਲਸਿਲਾ ਵਿੱਢਿਆ ਹੋਇਆ ਹੈ ਜਿਸ ਤੋਂ ਘਬਰਾਏ ਸਿਆਸੀ ਆਗੂ ਕਿਸਾਨਾਂ ਨੇੜੇ ਵੀ ਨਹੀਂ ਜਾਣਾ ਚਾਹੁੰਦੇ। ਮਾਨਸਾ ਸਮੇਤ ਇਸ ਜ਼ਿਲ੍ਹੇ ਦੇ ਕਿਸੇ ਖਰੀਦ ਵੀ ਕੇਂਦਰ ਵਿੱਚ ਅੱਜ ਤੱਕ ਕਾਂਗਰਸ ਦਾ ਕੋਈ ਵਜ਼ੀਰ ਜਾਂ ਵਿਧਾਇਕ ਅਤੇ ਅਕਾਲੀ ਦਲ ਦਾ ਕੋਈ ਵੱਡਾ ਆਗੂ ਝੋਨਾ ਵੇਚਣ ਲਈ ਕਈ-ਕਈ ਦਿਨਾਂ ਤੋਂ ਬੈਠੇ ਕਿਸਾਨਾਂ ਦੀ ਸਾਰ ਲੈਣ ਨਹੀਂ ਆਇਆ। ਕੁਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਸਨ ਅਤੇ ਉਨ੍ਹਾਂ ਨੇ ਵੀ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ’ਚ ਆਪਣੇ ਦੌਰੇ ਦੌਰਾਨ ਕਿਸੇ ਦੁਖੀ ਕਿਸਾਨ ਦੀ ਅਨਾਜ ਮੰਡੀ ਵਿੱਚ ਜਾ ਕੇ ਬਾਂਹ ਨਹੀਂ ਫੜੀ। ਜ਼ਿਕਰਯੋਗ ਹੈ ਕਿ ਪਹਿਲਾਂ ਸੱਤਾਧਾਰੀ ਧਿਰ ਨਾਲ ਜੁੜੇ ਸਿਆਸੀ ਨੇਤਾ ਅਕਸਰ ਮੰਡੀਆਂ ਵਿੱਚ ਜਾ ਕੇ ਝੋਨੇ ਦੀ ਬੋਲੀ ਆਰੰਭ ਕਰਵਾਉਂਦੇ ਸਨ ਅਤੇ ਵਿਰੋਧੀ ਪਾਰਟੀਆਂ ਦੇ ਆਗੂ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਦੀ ਸਾਰ ਲੈਣ ਦੇ ਬਹਾਨੇ ਮਾੜੇ ਪ੍ਰਬੰਧਾਂ ਨੂੰ ਅਕਸਰ ਹੀ ਕੋਸਦੇ ਸਨ, ਪਰ ਇਸ ਵਾਰ ਖੇਤੀ ਕਾਨੂੰਨਾਂ ਖਿਲਾਫ਼ ਵਿੱਢੀ ਲੜਾਈ ਤੋਂ ਮਗਰੋਂ ਜਦੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਪਿੰਡਾਂ ਵਿੱਚ ਸਾਰੀਆਂ ਸਿਆਸੀ ਧਿਰਾਂ ਦੇ ਨੇਤਾਵਾਂ ਨੂੰ ਘੇਰ ਕੇ ਸਵਾਲ ਪੁੱਛਣ ਲੱਗੇ ਹਨ ਤਾਂ ਅਜਿਹੇ ਵਿਚ ਨੇਤਾਵਾਂ ਦਾ ਖਰੀਦ ਕੇਂਦਰਾਂ ਤੋਂ ਕਿਸਾਨਾਂ ਨੂੰ ਮਿਲਣ ਲਈ ਮੋਹ ਭੰਗ ਹੋਣ ਲੱਗਿਆ ਹੈ।
ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਆਗੂ ਕਰਮ ਸਿੰਘ ਚੌਹਾਨ ਨੂੰ ਜਦੋਂ ਸੱਤਾਧਾਰੀ ਧਿਰ ਦੇ ਮੰਡੀਆਂ ਤੋਂ ਦੂਰ ਰਹਿਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਕਾਂਗਰਸ ਦੇ ਵਜ਼ੀਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ, ਜਿਨ੍ਹਾਂ ਨੇ ਸਾਰੇ ਹਲਕਿਆਂ ਦੇ ਇੰਚਾਰਜਾਂ ਨੂੰ ਮੰਡੀਆਂ ਵਿੱਚ ਕਿਸਾਨਾਂ ਦਾ ਦੁੱਖ-ਸੁੱਖ ਜਾਨਣ ਲਈ ਕਿਹਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਥੇਬੰਦੀ ਕਿਸੇ ਆਗੂ ਨੂੰ ਸਹੀ ਰੂਪ ਵਿੱਚ ਉਨ੍ਹਾਂ ਦੇ ਦੁੱਖ ਦਾ ਹੱਲ ਕੱਢਣ ਲਈ ਆਉਣ ’ਤੇ ਕੁਝ ਨਹੀਂ ਕਹਿੰਦੀ ਹੈ, ਪਰ ਜਥੇਬੰਦੀਆਂ ਵੱਲੋਂ ਸਿਆਸੀ ਨੇਤਾਵਾਂ ਸਵਾਲ ਪੁੱਛਣ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਕੁੱਝ ਸਿਆਸੀ ਲੋਕਾਂ ਨੂੰ ਰੋਕਕੇ ਸਵਾਲ ਪੁੱਛੇ ਗਏ ਹਨ। ਇੱਕ ਕਿਸਾਨ ਆਗੂ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਿਆਸੀ ਰੋਟੀਆਂ ਸੇਕਣ ਲਈ ਪਿੰਡਾਂ ਵਿੱਚ ਆਉਂਦੇ ਨੇਤਾਵਾਂ ਨੂੰ ਉਨ੍ਹਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ਘਿਰਾਓ ਕਰ ਚੁੱਕੇ ਹਨ।