ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 19 ਜੁਲਾਈ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅੱਜ ਪਿੰਡ ਧੌਲਾ ਸਥਿਤ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਕਿਸਾਨਾਂ ਨੂੰ ਪੁਲੀਸ ਨੇ ਰੋਕ ਲਿਆ। ਇਸ ਤੋਂ ਭੜਕੇ ਕਿਸਾਨਾਂ ਨੇ ਬਰਨਾਲਾ-ਮਾਨਸਾ ਮੁੱਖ ਮਾਰਗ ਜਾਮ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸਨ ਸਿੰਘ ਉੱਗੋਕੇ ਕਿਸਾਨਾਂ ਦੀ ਅਗਵਾਈ ਕਰ ਰਹੇ ਸਨ।
ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋੋਕੇ ਨੇ ਕਿਹਾ ਕਿ ਭਗਤੂਪੁਰਾ ਦੀ ਪੁਰਾਣੀ ਅਨਾਜ ਮੰਡੀ ਦੀ ਮੁਰੰਮਤ ਵਾਸਤੇ ਪੰਜਾਬ ਸਰਕਾਰ ਵੱਲੋਂ ਗਰਾਂਟ ਆਈ ਸੀ ਜਿਸ ਦਾ ਕੰਮ ਚੱਲ ਵੀ ਪਿਆ ਸੀ ਪਰ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਵੱਲੋਂ ਇਹ ਕੰਮ ਸਰਪੰਚ ਦੀ ਮਿਲੀਭੁਗਤ ਨਾਲ ਕਥਿਤ ਤੌਰ ’ਤੇ ਰੋਕ ਦਿੱਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ, ਵਿਧਾਇਕ ਨਾਲ ਮਿਲ ਕੇ ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਇਹ ਅਨਾਜ ਮੰਡੀ ਪਿੰਡ ਦੇ ਬਾਹਰ ਉਸ ਜ਼ਮੀਨ ਵਿੱਚ ਲਿਜਾ ਰਿਹਾ ਹੈ ਜਿਸ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ। ਧਰਨੇ ਵਿੱਚ ਹਾਜ਼ਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਸ ਜਗ੍ਹਾ ’ਤੇ ਨਵੀਂ ਮੰਡੀ ਦੀ ਉਸਾਰੀ ਨਹੀਂ ਕਰਨ ਦੇਣਗੇ।
ਉਨ੍ਹਾਂ ਕਿਹਾ ਕਿ ਗਰਾਂਟ ਦੀ ਵਰਤੋਂ ਪੁਰਾਣੀ ਮੰਡੀ ਲਈ ਕੀਤੀ ਜਾਵੇ ਪਰ ਜੇਕਰ ਵਿਧਾਇਕ ਤੇ ਸਰਪੰਚ ਨੇ ਕੋਈ ਅਲੱਗ ਮੰਡੀ ਬਣਾਉਣੀ ਹੈ ਤਾਂ ਉਹ ਹੋਰ ਗਰਾਂਟ ਲੈ ਆਉਣ।
ਮਾਮਲੇ ਨੂੰ ਤੂਲ ਦੇ ਰਹੇ ਨੇ ਸਿਆਸੀ ਲੋਕ: ਵਿਧਾਇਕ
ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਇਹ ਮਸਲਾ ਪਿੰਡ ਦਾ ਆਪਸੀ ਹੈ। ਉਨ੍ਹਾਂ ਕੋਲ ਪਿੰਡ ਦੀ ਪੰਚਾਇਤ ਨੇ ਬਕਾਇਦਾ ਮਤਾ ਪਾ ਕੇ ਬਾਹਰਲੀ ਮੰਡੀ ਵਿੱਚ ਇੱਟਾਂ ਪਾਉਣ ਲਈ ਪਹੁੰਚ ਕੀਤੀ ਸੀ ਅਤੇ ਕੁਝ ਸਿਆਸੀ ਲੋਕ ਇਸ ਨੂੰ ਤੂਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨੂੰ ਉਸ ਨਾਲ ਜਾਂ ਪੰਚਾਇਤ ਨਾਲ ਮਤਭੇਦ ਹਨ ਤਾਂ ਉਹ ਮਿਲ ਬੈਠ ਕੇ ਮਸਲਾ ਹੱਲ ਕਰਨ ਲਈ ਤਿਆਰ ਹਨ।