ਧਨੌਲਾ: ਇੱਥੇ ਰਾਜਗੜ੍ਹ ਰੋਡ ਸਥਿਤ ਇਕ ਕਰਿਆਨਾ ਦੀ ਦੁਕਾਨ ਤੋਂ ਬੀਤੇ ਦਿਨੀਂ ਹੋਈ ਚੋਰੀ ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਧਨੌਲਾ ਪੁਲੀਸ ਨੇ ਚੋਰੀ ਦੇ ਸਾਮਾਨ ਅਤੇ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਐੱਸਐੱਚਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਚੋਰੀ ਤੋਂ ਬਾਅਦ ਜਾਰੀ ਤਫਤੀਸ਼ ਦੌਰਾਨ ਸੁੱਖਾ ਸਿੰਘ ਉਰਫ ਬੱਬੀ ਅਤੇ ਧਰਮਿੰਦਰ ਸਿੰਘ ਵਾਸੀ ਧਨੌਲਾ ਦੀ ਸ਼ਮੂਲੀਅਤ ਸਾਹਮਣੇ ਆਈ, ਜਿਨ੍ਹਾਂ ਪਾਸੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਦੁਕਾਨ ਵਿੱਚੋਂ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਗਿਆ ਹੈ। ਦੂਜੇ ਮਾਮਲੇ ਵਿੱਚ ਧਨੌਲਾ ਪੁਲੀਸ ਵੱਲੋਂ ਕੋਟਲਾ ਬਰਾਂਚ ਨਹਿਰ ਦੀ ਪਟੜੀ ਕੋਲੋਂ 1000 ਲਿਟਰ ਲਾਹਣ ਨਾਲ ਦੇ ਪੰਜ ਡਰੰਮ ਬਰਾਮਦ ਕੀਤੇ ਗਏ ਹਨ। ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਹਰੀਗੜ੍ਹ ਨਹਿਰ ਦੀ ਪਟੜੀ ਨਜ਼ਦੀਕ ਤਲਾਸ਼ੀ ਮੌਕੇ 1000 ਲਿਟਰ ਲਾਹਣ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ