ਲਖਵਿੰਦਰ ਸਿੰਘ
ਮਲੋਟ, 11 ਜੁਲਾਈ
ਵਾਰਡ ਨੰਬਰ 17 ਦੇ ਰਵੀਦਾਸ ਨਗਰ ਵਿੱਚ ਸਥਿਤ ਇੱਕ ਘਰ ’ਚੋਂ ਫਰਿੱਜ, ਐੱਲਈਡੀ, ਗੈਸ ਸਿਲੰਡਰ ਅਤੇ ਟਰੰਕ ਆਦਿ ਤੋਂ ਇਲਾਵਾ ਕਰੀਬ 30 ਹਜ਼ਾਰ ਦੇ ਪਿੱਤਲ ਦੇ ਭਾਂਡੇ ਚੋਰੀ ਹੋ ਜਾਣ ਦੇ ਕਰੀਬ 15 ਦਿਨ ਬਾਅਦ ਵੀ ਪੁਲੀਸ ਵੱਲੋਂ ਕੇਸ ਤੱਕ ਦਰਜ ਨਹੀਂ ਕੀਤਾ ਗਿਆ। ਇਸ ਮਾਮਲੇ ’ਚ ਪੁਲੀਸ ਨੇ ਇੱਕ ਜਣੇ ਨੂੰ ਕਾਬੂ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਕਬਾੜੀਏ ਕੋਲੋਂ ਭਾਂਡੇ ਬਰਾਮਦ ਹੋਏ ਪਰ ਉਸ ਨੂੰ ਕੌਂਸਲਰ ਆਪਣੀ ਜ਼ਿੰਮੇਵਾਰੀ ’ਤੇ ਛੁਡਵਾ ਕੇ ਲੈ ਗਏ। ਇਸ ਸਾਰੇ ਘਟਨਾਕ੍ਰਮ ਨੂੰ ਪੱਤਰਕਾਰਾਂ ਨੇ ਆਪਣੇ ਕੈਮਰਿਆਂ ’ਚ ਕੈਦ ਕਰ ਲਿਆ। ਪੀੜਤ ਪਰਿਵਾਰ ਅਨੁਸਾਰ ਉਹ ਕਈ ਵਾਰ ਪੁਲੀਸ ਕੋਲ ਕੇਸ ਦਰਜ ਕਰਾਉਣ ਲਈ ਫ਼ਰਿਆਦ ਕਰ ਚੁੱਕੇ ਹਨ, ਪਰ ਪੁਲੀਸ ਪਤਾ ਨਹੀਂ ਕਿਉਂ ਚੋਰਾਂ ਅਤੇ ਚੋਰੀ ਦਾ ਸਾਮਾਨ ਖ਼ਰੀਦਣ ਵਾਲੇ ਕਬਾੜੀਏ ਨੂੰ ਕਥਿਤ ਤੌਰ ’ਤੇ ਬਚਾਅ ਰਹੀ ਹੈ। ਇਸ ਸਬੰਧੀ ਕਬਾੜੀਏ ਨੇ ਦੱਸਿਆ ਕਿ ਉਸ ਨੇ 2700 ਵਿੱਚ ਇਹ ਭਾਂਡੇ ਖ਼ਰੀਦੇ ਹਨ।
ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਮੋਹਨ ਲਾਲ ਨੇ ਕਿਹਾ ਕਿ ਪਰਿਵਾਰ ਆਪਣੀ ਸ਼ਿਕਾਇਤ ਦਰਜ ਕਰਵਾ ਦੇਵੇ, ਉਹ ਪੜਤਾਲ ਕਰਨਗੇ। ਉਨ੍ਹਾਂ ਕਿਹਾ ਕਿ ਪੜਤਾਲ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।