ਜਸਵੰਤ ਜੱਸ
ਫ਼ਰੀਦਕੋਟ, 6 ਮਾਰਚ
ਫ਼ਰੀਦਕੋਟ ਵਿੱਚੋਂ ਲੰਘਣ ਵਾਲੇ ਨੈਸ਼ਨਲ ਹਾਈਵੇ-54 ਉੱਪਰੋਂ ਜ਼ਿਲ੍ਹਾ ਪੁਲੀਸ ਨੇ ਪੁਲੀਸ ਪੈਟਰੋਲਿੰਗ ਬੰਦ ਕਰ ਦਿੱਤੀ ਹੈ। ਸੂਚਨਾ ਅਨੁਸਾਰ ਜ਼ਿਲ੍ਹਾ ਪੁਲੀਸ ਕੋਲ ਇਸ ਹਾਈਵੇ ’ਤੇ ਪੈਟਰੋਲਿੰਗ ਕਰਨ ਵਾਲੀ ਪੁਲੀਸ ਪਾਰਟੀ ਲਈ ਲੋੜੀਂਦੇ ਸਰਕਾਰੀ ਵਾਹਨ ਨਹੀਂ ਹਨ। ਇਹ ਹਾਈਵੇਅ ਰਾਜਸਥਾਨ ਤੋਂ ਸ਼ੁਰੂ ਹੋ ਕੇ ਸ੍ਰੀਨਗਰ ਤੱਕ ਜਾਂਦਾ ਹੈ। ਇਸ ਹਾਈਵੇ ਦਾ 60 ਕਿਲੋਮੀਟਰ ਏਰੀਆ ਫ਼ਰੀਦਕੋਟ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਇਸ ਦੀ ਸੁਰੱਖਿਆ ਵੀ ਜ਼ਿਲ੍ਹਾ ਪੁਲੀਸ ਫਰੀਦਕੋਟ ਦੀ ਜ਼ਿੰਮੇਵਾਰੀ ਹੈ। ਪਹਿਲਾਂ ਇੱਥੇ ਪੈਟਰੋਲਿੰਗ ਲਈ ਪੁਲੀਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ ਪਰ ਪੁਲੀਸ ਪਾਰਟੀਆਂ ਨੂੰ ਦਿੱਤੇ ਵਾਹਨ ਕੰਡਮ ਹੋਣ ਤੋਂ ਬਾਅਦ ਪੈਟਰੋਲਿੰਗ ਟੀਮਾਂ ਨੂੰ ਨਵੇਂ ਵਾਹਨ ਮੁਹੱਈਆ ਨਹੀਂ ਕਰਵਾਏ ਗਏ ਅਤੇ ਕੌਮੀ ਮਾਰਗ ’ਤੇ ਪੈਟਰੋਲਿੰਗ ਕਰਨ ਵਾਲੀ ਟੀਮ ਨੂੰ ਹੁਣ ਇੱਥੇ ਪੈਟਰੋਲਿੰਗ ਕਰਨ ਦੀ ਥਾਂ ਹੋਰ ਥਾਵਾਂ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਵਰੁੁਣ ਸ਼ਰਮਾ ਨੇ ਕਿਹਾ ਕਿ ਕੌਮੀ ਮਾਰਗ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ ਅਤੇ ਕੁਝ ਖ਼ਾਸ ਥਾਵਾਂ ’ਤੇ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਪੈਟਰੋਲਿੰਗ ਟੀਮਾਂ ਹਾਈਵੇ ਦੀ ਨਿਗਰਾਨੀ ਸਾਂਭ ਲੈਣਗੀਆਂ ਅਤੇ ਉਨ੍ਹਾਂ ਨੂੰ ਨਵੇਂ ਵਾਹਨ ਮੁਹੱਈਆ ਕਰਵਾਏ ਜਾਣਗੇ। ਫ਼ਰੀਦਕੋਟ ਦੇ ਵਸਨੀਕ ਰਵਿੰਦਰ ਬੁਗਰਾ, ਐਡਵੋਕੇਟ ਗੁਰਤਾਜ ਸਿੰਘ ਸੰਧੂ ਅਤੇ ਸਤਨਾਮ ਸਿੰਘ ਪੱਖੀ ਕਲਾਂ ਨੇ ਕਿਹਾ ਕਿ ਰਾਤ ਸਮੇਂ ਹਾਈਵੇ ਪੂਰੀ ਤਰ੍ਹਾਂ ਸੁੰਨਸਾਨ ਹੁੰਦਾ ਹੈ ਅਤੇ ਇੱਥੇ ਰਾਤ ਸਮੇਂ ਕਈ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੀ ਸੁਰੱਖਿਆ ਬਾਰੇ ਗੰਭੀਰ ਨਹੀਂ ਹੈ। ਇਸੇ ਕਰਕੇ ਪਿਛਲੇ ਦੋ ਮਹੀਨਿਆਂ ਤੋਂ ਹਾਈਵੇ ਦੀ ਪੁਲੀਸ ਪੈਟਰੋਲਿੰਗ ਬੰਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲ ਤੋਂ ਇਸ ਹਾਈਵੇ ਉੱਪਰ ਪੈਟਰੋਲਿੰਗ ਚੱਲ ਰਹੀ ਸੀ ਜਿਸ ਨੂੰ ਅਚਾਨਕ ਬੰਦ ਕਰਨਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਹਾਈਵੇ ਉੱਪਰ ਪੈਟਰੋਲਿੰਗ ਨਾ ਹੋਣ ਕਾਰਨ ਰਾਤ ਨੂੰ ਮੁਸਾਫ਼ਰ ਸਹਿਮ ਦੇ ਸਾਏ ਹੇਠ ਸਫ਼ਰ ਕਰਦੇ ਹਨ।