ਖੇਤਰੀ ਪ੍ਰਤੀਨਿਧ
ਬਰਨਾਲਾ, 10 ਜੁਲਾਈ
ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਥਾਨਕ ਸੈਂਸੀ ਬਸਤੀ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ 1365 ਨਸ਼ੀਲੀਆ ਗੋਲੀਆਂ, 200 ਨਸ਼ੀਲੇ ਕੈਪਸੂਲ, 15 ਗ੍ਰਾਮ ਹੈਰੋਇਨ, ਇੱਕ ਲੱਖ ਰੁਪਏ ਡਰੱਗ ਮਨੀ ਸਮੇਤ 10 ਮੋਟਰਸਾਈਕਲ ਅਤੇ ਛੇ ਐਕਟਿਵਾ ਸਕੂਟਰ ਨੂੰ ਜ਼ਬਤ ਕੀਤਾ ਗਿਆ। ਇਹ ਅਭਿਆਨ ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਦੀ ਨਿਗਰਾਨੀ ਤੇ ਐੱਸਐੱਸਪੀ ਸੰਦੀਪ ਮਲਿਕ ਦੀ ਸਰਪ੍ਰਸਤੀ ਹੇਠ ਚਲਾਇਆ ਗਿਆ। 5 ਐੱਸ.ਪੀਜ਼ ਦੀ ਅਗਵਾਈ ਹੇਠਲੀਆਂ ਗਠਿੱਤ ਟੀਮਾਂ ’ਚ 265 ਪੁਲੀਸ ਕਰਮਚਾਰੀ ਸ਼ਾਮਿਲ ਸਨ। ਸਥਾਨਕ ਰਾਮ ਬਾਗ ਦੇ ਪਿਛਲੇ ਪਾਸੇ ਸਥਿਤ ਇਹ ਬਸਤੀ ਨਸ਼ਿਆਂ ਦੇ ਨਜ਼ਾਇਜ਼ ਧੰਦੇ ਲਈ ਪੁਰਾਣੀ ਬਦਨਾਮ ਹੈ।
ਗਿੱਦੜਬਾਹਾ (ਪੱਤਰ ਪ੍ਰੇਰਕ): ਡੀਐਸਪੀ ਗਿੱਦੜਬਾਹਾ ਜਸਵੀਰ ਸਿੰਘ ਪੰਨੂੰ, ਇੰਸਪੈਕਟਰ ਅੰਗਰੇਜ਼ ਕੁਮਾਰ, ਐਸਆਈ ਰਮਨ ਕੁਮਾਰ ਸਣੇ ਪੁਲੀਸ ਪਾਰਟੀ ਵੱਲੋਂ ਪਿੰਡ ਮੱਲਣ, ਧੂਲਕੋਟ, ਭਲਾਈਆਣਾ, ਸਮਾਘ, ਮਧੀਰ, ਹੁਸਨਰ, ਭਾਰੂ ਚੌਕ ਤੋਂ ਇਲਾਵਾ ਸ਼ਹਿਰ ਦੀ ਬਰਫ ਵਾਲੀ ਗਲੀ, ਅੰਬੇਦਕਰ ਨਗਰ, ਬਾਲਮੀਕ ਮਹੱਲਾ, ਲਛਮਣ ਕਾਲੋਨੀ, ਧਾਂਨਕ ਮੁਹੱਲਾ, ਵਾਰਡ ਨੰਬਰ 10, ਬਾਲਵਾੜੀ ਸਕੂਲ ਵਾਲੀ ਗਲੀ ਅਤੇ ਆਰੀਅਨ ਪਬਲਿਕ ਸਕੂਲ ਵਾਲੀ ਗਲੀ ਨੂੰ ਸੀਲ ਕਰ ਕੇ ਜਾਂਚ ਕੀਤੀ ਗਈ। ਪੁਲੀਸ ਵੱਖ-ਵੱਖ ਥਾਵਾਂ ਤੋਂ ਕੁੱਲ 8 ਔਰਤਾਂ ਅਤੇ 10 ਪੁਰਸ਼ਾਂ ਨੂੰ ਕਾਬੂ ਕਰ ਕੇ 15 ਗ੍ਰਾਮ ਹੈਰੋਇਨ ਅਤੇ 2020 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਥਾਣਾ ਗਿੱਦੜਬਾਹਾ ਵਿੱਚ ਐਨਡੀਪੀਐਸ ਐਕਟ ਤਹਿਤ ਦੇ ਮੁਕਦਮੇ ਅਤੇ ਥਾਣਾ ਕੋਟਭਾਈ ਵਿੱਚ ਦੇ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਕਈ ਕੇਸਾਂ ਵਿੱਚ ਸਬੰਧਤ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ।