ਰਮਨਦੀਪ ਸਿੰਘ
ਚਾਉਕੇ, 1 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੱਲ੍ਹੋ ਪਿੰਡ ਦੇ ਕਿਸਾਨਾਂ ’ਤੇ ਪਾਏ ਕੇਸ ਰੱਦ ਕਰਾਉਣ ਅਤੇ ਜਿਉਂਦ ਪਿੰਡ ਵਿੱਚੋਂ ਠੇਕਾ ਚੁਕਵਾਉਣ ਲਈ ਸਦਰ ਥਾਣਾ ਰਾਮਪੁਰਾ ਦਾ ਮੁਕੰਮਲ ਘਿਰਾਓ ਕਰਨ ਮਗਰੋਂ ਚੰਡੀਗ੍ਹੜ-ਬਠਿੰਡਾ ਮਾਰਗ ਜਾਮ ਕਰ ਦਿੱਤਾ।
ਜਥੇਬੰਦੀ ਦੇ ਆਗੂ ਗੁਲਾਬ ਸਿੰਘ ਨੇ ਦੱਸਿਆ ਕਿ ਪਿੰਡ ਜਿਉਂਦ ਦੀ ਸੰਘਣੀ ਆਬਾਦੀ ਵਿਚ ਖੋਲ੍ਹੇ ਠੇਕੇ ਨੂੰ ਚੁਕਵਾਉਣ ਲਈ 26 ਅਗਸਤ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਪਿੰਡ ਬੱਲ੍ਹੋ ਵਿਚ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕੀਤਾ ਗਿਆ ਸੀ, ਜਿਨ੍ਹਾਂ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ ਪਰ ਮੁਲਾਜ਼ਮਾਂ ਵੱਲੋਂ ਕਿਸਾਨਾਂ ’ਤੇ ਪਰਚੇ ਦਰਜ ਕਰਾਏ ਗਏ ਹਨ, ਜਿਨ੍ਹਾਂ ਨੂੰ ਰੱਦ ਕਰਾਉਣ ਲਈ ਅੱਜ ਸਦਰ ਰਾਮਪੁਰਾ ਦੇ ਥਾਣੇ ਦਾ ਮੁਕੰਮਲ ਘਿਰਾਓ ਕੀਤਾ ਗਿਆ। ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਲਈ ਨਾ ਆਇਆ ਤਾਂ ਕਿਸਾਨਾਂ ਵੱਲੋਂ ਚੰੜੀਗੜ੍ਹ-ਬਠਿੰਡਾ ਮਾਰਗ ’ਤੇ ਜਾਮ ਲਗਾ ਦਿੱਤਾ ਗਿਆ। ਸ਼ਾਮ ਵੇਲੇ ਤਹਿਸੀਲੀਦਾਰ ਫੂਲ ਰਕੇਸ਼ ਗਰਗ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਕਿ ਪਿੰਡ ਜਿਉਂਦ ਵਾਲਾ ਸ਼ਰਾਬ ਦਾ ਠੇਕਾ ਹੁਣੇ ਚੁਕਾ ਦਿੱਤਾ ਜਾਵੇਗਾ ਤੇ ਕਿਸਾਨਾਂ ’ਤੇ ਹੋਏ ਪਰਚੇ ਸਬੰਧੀ ਭਲਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਕਿਸਾਨਾਂ ਦੀ ਗੱਲਬਾਤ ਕਰਵਾ ਦਿੱਤੀ ਜਾਵੇਗੀ। ਇਸ ਭਰੋਸੇ ਮਗਰੋਂ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਸੁਖਦੇਵ ਸਿੰਘ ਜਵੰਦਾ, ਮੋਠੂ ਸਿੰਘ ਕੋਟੜਾ, ਨਿੱਕਾ ਸਿੰਘ ਜੇਠੂਕੇ, ਹਰਪ੍ਰੀਤ ਕੌਰ ਜੇਠੂਕੇ, ਬੂਟਾ ਸਿੰਘ, ਬਲਦੇਵ ਸਿੰਘ, ਸੀਰਾ ਸਿੰਘ ਕੌਟੜਾ, ਹਰੀ ਸਿੰਘ, ਭੂਰਾ ਸਿੰਘ, ਭੋਲਾ ਸਿੰਘ ਧੂਰਕੋਟ, ਸੁਖਮੰਦਰ ਹਾਜ਼ਰ ਸਨ।