ਪਵਨ ਗੋਇਲ
ਭੁੱਚੋ ਮੰਡੀ, 21 ਅਪਰੈਲ
ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਵਾਸੀਆਂ ਨੇ ਪੁਲੀਸ ਵੱਲੋਂ ਪਿੰਡ ਦੇ ਕਥਿਤ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਤੇ ਤਸਕਰ ਵੱਲੋਂ ਲੋਕਾਂ ਨੂੰ ਫੋਨ ’ਤੇ ਗਾਲੀ ਗਲੋਚ ਕਰਨ ਦੇ ਵਿਰੋਧ ਵਿੱਚ ਧਰਨਾ ਦਿੱਤਾ ਤੇ ਉੱਥੇ ਪਹੁੰਚੀ ਪੁਲੀਸ ਦੀ ਗੱਡੀ ਦਾ ਘਿਰਾਓ ਕਰ ਲਿਆ। ਇਸ ਦੀ ਅਗਵਾਈ ਦੋ ਪਿੰਡਾਂ ਦੀਆਂ ਪੰਚਾਇਤਾਂ ਨੇ ਕੀਤੀ। ਪਿੰਡ ਵਾਸੀਆਂ ਨੇ ਪੁਲੀਸ ਪ੍ਰਸਾਸ਼ਨ ਅਤੇ ਨਸ਼ਾ ਤਸਕਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਐਲਾਨ ਕੀਤਾ ਕਿ ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ਦਾ ਪੱਕਾ ਭਰੋਸਾ ਦੇਣ ਤੱਕ ਪੁਲੀਸ ਦਾ ਘਿਰਾਓ ਖ਼ਤਮ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸਰਪੰਚ ਅਮਰਿੰਦਰ ਸਿੰਘ ਤੇ ਬਲਤੇਜ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਪਿੰਡ ਵਾਸੀਆਂ ਨੇ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਲਈ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ ਸੀ। ਅੱਜ ਤਸਕਰ ਨੇ ਵਿਰੋਧ ਕਰ ਰਹੇ ਲੋਕਾਂ ਨੂੰ ਫੋਨ ’ਤੇ ਗਾਲਾਂ ਕੱਢੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਸਕਰ ਨੇ ਪਿੰਡ ਦੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਚੌਕੀ ਇੰਚਾਰਜ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਪਰਸੋਂ ਸੰਦੀਪ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਸੀ, ਪਰ ਕੋਈ ਨਸ਼ੀਲੀ ਦਵਾਈ ਨਾ ਮਿਲਣ ਕਾਰਨ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸਕਿਆ। ਗਾਲੀ ਗਲੋਚ ਦੇ ਮਾਮਲੇ ਵਿੱਚ ਕੇਸ ਦਰਜ ਕਰ ਕੇ ਜ਼ਮਾਨਤ ਦੇ ਦਿੱਤੀ ਗਈ ਹੈ। ਸ਼ਾਮ ਦੇ ਪੰਜ ਵਜੇ ਐਸਐਚਓ ਨਥਾਣਾ ਦੇ ਭਰੋਸੇ ਮਗਰੋਂ ਪਿੰਡ ਵਾਸੀਆਂ ਨੇ ਧਰਨਾ ਚੁੱਕ ਦਿੱਤਾ।