ਜੋਗਿੰਦਰ ਸਿੰਘ ਮਾਨ
ਮਾਨਸਾ, 20 ਨਵੰਬਰ
ਨੇੜਲੇ ਪਿੰਡ ਭੈਣੀਬਾਘਾ ਦੀ ਇੱਕ ਔਰਤ ਅਤੇ ਉਸਦੇ ਪਤੀ ਦੀ ਕੁੱਟਮਾਰ ਦੇ ਮਾਮਲੇ ਸਬੰਧੀ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਲਈ ਅੱਜ ਦੂਜੇ ਦਿਨ ਵੀ ਪੁਲੀਸ ਚੌਕੀ ਠੂਠਿਆਂਵਾਲੀ ਅੱਗੇ ਬਠਿੰਡਾ-ਪਟਿਆਲਾ ਮੁੱਖ ਮਾਰਗ ‘ਤੇ ਜਾਮ ਲਾਇਆ ਗਿਆ। ਬਾਅਦ ਵਿੱਚ ਡੀਐੱਸਪੀ ਗੁਰਮੀਤ ਸਿੰਘ ਬਰਾੜ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿੱਤੇ ਜਾਣ ਤੋਂ ਮਗਰੋਂ ਧਰਨਾ ਚੁੱਕ ਲਿਆ ਗਿਆ।
ਇਸ ਤੋਂ ਪਹਿਲਾਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਪੁਲੀਸ ਦੀ ਨਾਜਾਇਜ਼ ਕੁੱਟਮਾਰ ਸਬੰਧੀ ਉਨ੍ਹਾਂ ਦੀ ਜਥੇਬੰਦੀ ਵੱਲੋਂ ਕੱਲ੍ਹ ਵੀ ਧਰਨਾ ਲਾਇਆ ਗਿਆ ਸੀ, ਪਰ ਅੱਜ ਧਰਨੇ ਦੌਰਾਨ ਉਚ ਪੁਲੀਸ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਉਣ ਅਤੇ ਦੋ ਪੁਲੀਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦਾ ਦਾਅਵਾ ਕਰਨ ਮਗਰੋਂ ਇਸ ਧਰਨੇ ਨੂੰ ਚੁੱਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਹੋਇਆ ਤਾਂ ਉਹ ਮੁੜ ਮੁੱਖ ਮਾਰਗ ਨੂੰ ਜਾਮ ਕਰਨ ਲਈ ਮਜਬੂਰ ਹੋਣਗੇ।
ਕਿਸਾਨ ਆਗੂ ਰਾਜ ਸਿੰਘ ਅਕਲੀਆ ਨੇ ਕਿਹਾ ਕਿ ਪਿੰਡ ਭੈਣੀਬਾਘਾ ਦੀ ਔਰਤ ਵੀਰਪਾਲ ਕੌਰ ਅਤੇ ਉਸ ਦੇ ਪਤੀ ਸੇਵਕ ਸਿੰਘ ਦੀ ਪੁਲੀਸ ਚੌਕੀ ਠੂਠਿਆਂਵਾਲੀ ਵਿੱਚ ਨਜਾਇਜ਼ ਤੌਰ ‘ਤੇ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਮੁੜ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮਹਿੰਦਰ ਸਿੰਘ ਭੈਣੀਬਾਘਾ, ਮਨਜੀਤ ਸਿੰਘ ਉਲਕ, ਦਰਸ਼ਨ ਸਿੰਘ ਭੈਣੀਬਾਘਾ, ਵਿੰਦਰ ਸਿੰਘ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।