ਇਕਬਾਲ ਸਿੰਘ ਸ਼ਾਂਤ
ਲੰਬੀ, 8 ਅਪਰੈਲ
ਪਿੰਡ ਗੱਗੜ ਵਿੱਚ ਜ਼ਹਿਰੀਲੀ ਦਵਾਈ ਛਿੜਕ ਕੇ ਕਣਕ ਦੀ ਖੜ੍ਹੀ ਫ਼ਸਲ ਨੂੰ ਬਰਬਾਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਕਿਸਾਨ ਰੇਸ਼ਮ ਸਿੰਘ ਪੁੱਤਰ ਮਲਕੀਤ ਸਿੰਘ ਦੀ ਕਰੀਬ ਦੋ ਕਨਾਲ ਰਕਬੇ ‘ਚ ਪੱਕੀ ਫ਼ਸਲ ਮਿੱਟੀ ਹੋ ਗਈ ਹੈ। ਪੀੜਤ ਕਿਸਾਨ ਮੁਤਾਬਕ ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਹੈ, ਇਹ ਕੰਮ ਸ਼ਰਾਰਤ ਜਾਂ ਰੰਜਿਸ਼ ਵਜੋਂ ਅੰਜਾਮ ਦਿੱਤਾ ਗਿਆ ਜਾਪਦਾ ਹੈ। ਰੇਸ਼ਮ ਸਿੰਘ ਮੁਤਾਬਕ ਉਸ ਨੇ ਚਾਰ ਏਕੜ ਰਕਬੇ ‘ਚ ਕਣਕ ਬੀਜਾਂਦ ਕੀਤੀ ਸੀ। ਬੀਤੇ ਦਿਨ੍ਹੀਂ ਕਿਸੇ ਅਣਪਛਾਤੇ ਵਿਅਕਤੀ ਨੇ 2 ਕਰਮਾਂ ਚੌੜ੍ਹਾਈ ਅਤੇ 90 ਕਰਮਾਂ ਲੰਬਾਈ ਵਿੱਚ ਕਣਕ ਫ਼ਸਲ ‘ਤੇ ਦਵਾਈ ਦਾ ਛਿੜਕਾਅ ਕਰ ਦਿੱਤਾ, ਜਿਸ ਨਾਲ ਉਕਤ ਰਕਬੇ ‘ਚ ਉਸ ਦੀ ਸੌ ਫ਼ੀਸਦੀ ਕਣਕ ਬਰਬਾਦ ਹੋ ਗਈ। ਉਸ ਦੀ ਸ਼ਿਕਾਇਤ ‘ਤੇ ਥਾਣਾ ਕਿੱਲਿਆਂਵਾਲੀ ਦਾ ਅਮਲਾ ਪੜਤਾਲ ਲਈ ਪੁੱਜਿਆ ਸੀ, ਜਦੋਂਕਿ ਲਿਖਤੀ ਸ਼ਿਕਾਇਤ ਦੇ ਬਾਵਜੂਦ ਖੇਤੀਬਾੜੀ ਵਿਭਾਗ ਅਤੇ ਮਾਲ ਵਿਭਾਗ ਲੰਬੀ ਵੱਲੋਂ ਕੋਈ ਮੁਲਾਜ਼ਮ ਉਸ ਦੀ ਸਾਰ ਲੈਣ ਨਹੀਂ ਪੁੱਜਿਆ। ਇਸ ‘ਤੇ ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਮਾਮਲਾ ਹੱਥ ਵਿੱਚ ਲੈਂਦਿਆਂ ਮਲਕੀਤ ਸਿੰਘ ਗੱਗੜ ਅਤੇ ਜਗਸੀਰ ਸਿੰਘ ਗੱਗੜ ਨੇ ਖੇਤ ਦਾ ਦੌਰਾ ਕੀਤਾ ਅਤੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਘਟਨਾ ਦੀ ਪਿੰਡ ਗੱਗੜ ਵਿੱਚ ਚਹੁੰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਪਿੰਡ ਵਾਸੀ ਆਪਣੇ ਪੱਧਰ ‘ਤੇ ਵੀ ਦੋਸ਼ੀ ਵਿਅਕਤੀ ਦੀ ਪੈੜ ਨੱਪਣ ਲਈ ਚਾਰਾਜੋਈ ਕਰ ਰਹੇ ਹਨ।
ਕਿਸਾਨਾਂ ਨੂੰ ਲਾਗਤ ਖਰਚੇ ਵੀ ਪੂਰੇ ਨਾ ਹੋਣ ਦਾ ਖਦਸ਼ਾ
ਜ਼ੀਰਾ (ਪੱਤਰ ਪ੍ਰੇਰਕ): ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਜਿੱਥੇ ਭਾਰੀ ਨੁਕਸਾਨ ਕੀਤਾ ਹੈ, ਉਥੇ ਕਿਸਾਨ ਭਵਿੱਖ ਨੂੰ ਲੈ ਕੇ ਵੀ ਚਿੰਤਤ ਹਨ। ਮਾਰਚ ਅਤੇ ਅਪਰੈਲ ਦੇ ਸ਼ੁਰੂ ਵਿਚ ਪਈ ਭਾਰੀ ਬਰਸਾਤ ਦੇ ਕਾਰਨ ਕਿਸਾਨਾਂ ਦੀ ਕਣਕ ਪੁੰਗਰਨ ਲੱਗੀ ਹੈ। ਇਸ ਸਬੰਧੀ ਪਿੰਡ ਰਟੌਲ ਰੋਹੀ ਦੇ ਕਿਸਾਨ ਆਗੂ ਸੰਦੀਪ ਸਿੰਘ ਢਿੱਲੋਂ, ਸਰਬਜੀਤ ਸਿੰਘ ਭੋਲਾ, ਬਲਜਿੰਦਰ ਸਿੰਘ, ਭਾਊ ਢਿੱਲੋਂ, ਰਸਦੀਪ ਸਿੰਘ ਪਨੂੰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਬੁਰੀ ਤਰ੍ਹਾਂ ਵਿੱਛ ਚੁੱਕੀ ਹੈ, ਜਿਸ ਕਰ ਕੇ ਸਿੱਟਿਆਂ ਵਿਚ ਦਾਣੇ ਫੁੱਟ ਆਏ ਹਨ, ਕੁਝ ਕਣਕ ਕਾਲੀ ਪੈ ਚੁੱਕੀ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ 55 ਤੋਂ 60 ਹਜ਼ਾਰ ਰੁਪਏ ਐਡਵਾਂਸ ਜ਼ਮੀਨ ਦਾ ਠੇਕਾ ਦਿੱਤਾ ਪਰ ਪੱਲੇ ਕੁਝ ਵੀ ਨਹੀਂ ਪਿਆ। ਤੂੜੀ ਵੀ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ 15 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰ ਕੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਹੈ, ਸਰਕਾਰ ਘੱਟੋ-ਘੱਟ 30 ਹਜ਼ਾਰ ਰੁਪਏ ਮੁਆਵਜ਼ਾ ਜਲਦ ਤੋਂ ਜਲਦ ਦੇਵੇ ਤਾਂ ਜੋ ਕਿਸਾਨਾਂ ਦੀ ਆਰਥਿਕ ਹਾਲਤ ਕੁਝ ਠੀਕ ਹੋ ਸਕੇ ਤੇ ਉਹ ਅਗਲੀ ਫਸਲ ਬੀਜਣ ਲਈ ਪੈਰਾਂ ਸਿਰ ਹੋ ਸਕਣ।
ਅੱਗ ਲੱਗਣ ਕਾਰਨ ਤਿੰਨ ਏਕੜ ਕਣਕ ਦੀ ਫ਼ਸਲ ਸੜੀ
ਏਲਨਾਬਾਦ (ਪੱਤਰ ਪ੍ਰੇਰਕ): ਪਿੰਡ ਭੁਰਟਵਾਲਾ ਵਿੱਚ ਬਿਜਲੀ ਘਰ ਦੇ ਕੋਲ ਅੱਜ ਮੋਹਨ ਲਾਲ ਪੁੱਤਰ ਰਾਮ ਪ੍ਰਤਾਪ ਦੇ ਖੇਤ ਵਿੱਚ ਖੜ੍ਹੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਰੀਬ ਤਿੰਨ ਏਕੜ ਕਣਕ ਦੀ ਫ਼ਸਲ ਸੜ ਗਈ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਅੱਗ ਹੋਰ ਖੇਤਾਂ ਵੱਲ ਵਧਦੀ ਗਈ ਤਾਂ ਤੁਰੰਤ ਏਲਨਾਬਾਦ ਫਾਇਰ ਬਿਗ੍ਰੇਡ ਵਿੱਚ ਇਸ ਦੀ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੇ ਕਰਮਚਾਰੀਆਂ ਸੁਰਿੰਦਰ ਖਿੱਚੜ, ਕੁਲਦੀਪ ਕੰਬੋਜ, ਸੁਰਜੀਤ ਸਿੰਘ, ਵਰਿੰਦਰ ਕੰਬੋਜ, ਰਮੇਸ਼ ਹਰਡੂ, ਸੁਨੀਲ ਗੁੱਜਰ, ਰਣਵੀਰ ਸਿੰਘ ਆਦਿ ਨੇ ਫੁਰਤੀ ਵਿਖਾਉਂਦੇ ਹੋਏ ਤੁਰੰਤ ਅੱਗ ‘ਤੇ ਕਾਬੂ ਪਾਇਆ। ਇਸ ਕਾਰਨ ਆਸਪਾਸ ਖੜ੍ਹੀ ਕਰੀਬ 10 ਏਕੜ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾ ਲਿਆ ਗਿਆ।