ਪੱਤਰ ਪ੍ਰੇਰਕ
ਮੌੜ ਮੰਡੀ, 25 ਜੂਨ
ਪਿੰਡ ਰਾਏ ਖਾਨਾ ਦੀ ਗ੍ਰਾਮ ਪੰਚਾਇਤ ਨੇ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਵੱਡੇ ਫੈਸਲੇ ਕਰਦਿਆਂ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਯੋਗਦਾਨ ਪਾਉਣ ਅਤੇ ਪਾਣੀ ਨੂੰ ਬਚਾਉਣ ਦਾ ਸੰਕਲਪ ਲਿਆ। ਸਹਿਕਾਰੀ ਸੁਸਾਇਟੀ ਦੇ ਹਾਲ ਵਿੱਚ ਕੀਤੇ ਗਏ ਆਮ ਇਜਲਾਸ ਦੀ ਪ੍ਰਧਾਨਗੀ ਸਰਪੰਚ ਮਲਕੀਤ ਖਾਨ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਸਾਬਕਾ ਸਰਪੰਚ ਰਣਜੀਤ ਸਿੰਘ ਤਾਮਕੋਟ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਆਮ ਇਜਲਾਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਗ੍ਰਾਮ ਸਭਾ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਪਿੰਡ ਦੀ ਯੋਜਨਾਬੰਦੀ ਲਈ ਵਿਕਾਸ ਦਾ ਖਾਕਾ ਗ੍ਰਾਮ ਸਭਾ ਦੇ ਮੈਂਬਰਾਂ ਨੇ ਖੁਦ ਉਲੀਕਿਆ ਤੇ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਉਣ ਲਈ ਪੰਚਾਇਤੀ ਜ਼ਮੀਨ ਦੇ 2 ਏਕੜ ਰਕਬੇ ’ਚ ਮਿੰਨੀ ਜੰਗਲ, ਪਿੰਡ ਵਿੱਚ ਬੂਟੇ ਲਗਾਉਣ, ਸਰਕਾਰੀ ਥਾਂਵਾਂ ਤੇ ਰੇਨ ਵਾਟਰ ਰੀਚਾਰਜ ਪਿੱਟ ਬਣਾਉਣ ਤੇ ਪਾਣੀ ਭਰਪੂਰ ਪਿੰਡ ਬਣਾਉਣ ਦਾ ਸੰਕਲਪ ਲਿਆ। ਪੰਚ ਸੁਖਜੀਤ ਸਿੰਘ ਨੇ ਪਿਛਲੇ ਵਿੱਤੀ ਵਰ੍ਹੇ ਦੇ ਆਮਦਨ ਅਤੇ ਖਰਚ ਦੇ ਵੇਰਵੇ ਹਾਜ਼ਰੀਨ ਨਾਲ ਸਾਂਝੇ ਕੀਤੇ ਅਤੇ ਚਾਲੂ ਸਾਲ ’ਚ ਕੀਤੇ ਜਾਣ ਵਾਲੇ ਕੰਮਾਂ ਵਾਰੇ ਪ੍ਰਵਾਨਗੀ ਲਈ। ਇਸ ਮੌਕੇ ਨਾਜਾਇਜ਼ ਕਬਜ਼ਾ ਛੱਡਣ ਵਾਲੇ ਪਰਿਵਾਰਾਂ ਅਤੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਸਾਬਕਾ ਸਰਪੰਚ ਰਣਜੀਤ ਸਿੰਘ ਤਾਮਕੋਟ ਨੇ ਗ੍ਰਾਮ ਸਭਾ ਦੀ ਭੂਮਿਕਾ ਅਤੇ ਮਗਨਰੇਗਾ ਤਹਿਤ ਕੀਤੇ ਜਾਂਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਭੁਪਿੰਦਰ ਸਿੰਘ ਜਟਾਣਾ ਡਾਕਟਰ ਰਮਨਵੀਰ ਕੌਰ , ਪ੍ਰਿੰਸੀਪਲ ਅਮਨਪ੍ਰੀਤ ਸਿੰਘ , ਏੇਡੀਓ ਸੰਦੀਪ ਸਿੰਘ , ਐੱਸਬੀਆਈ ਕੋਟਫ਼ਤਾ ਦੇ ਮੈਨੇਜਰ ਜਸਪ੍ਰੀਤ ਸਿੰਘ ਸਰਾਂ , ਵਾਟਰ ਸਪਲਾਈ ਤੇ ਸੈਨੀਟੇਸਨ ਦੇ ਅਧਿਕਾਰੀ ਗੁਰਮੀਤ ਕੌਰ ਤੇ ਜਗਦੇਵ ਸਿੰਘ, ਪ੍ਰਧਾਨ ਗੁਰਤੇਜ ਸਿੰਘ ਆਦਿ ਹਾਜ਼ਰ ਸਨ।