ਪੱਤਰ ਪ੍ਰੇਰਕ
ਮਹਿਲ ਕਲਾਂ, 7 ਸਤੰਬਰ
ਕਿਸਾਨ ਸੰਘਰਸ਼ ਬਾਰੇ ਚਰਚਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਹਿਮ ਇਕੱਤਰਤਾ ਜੁਗਰਾਜ ਸਿੰਘ ਹਰਦਾਸਪੁਰਾ ਦੀ ਪ੍ਰਧਾਨਗੀ ਹੇਠ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਕਿਸਾਨੀ ਕਿੱਤੇ ਨੂੰ ਉਜਾੜਨ ਲਈ ਮੋਦੀ ਹਕੂਮਤ ਨੇ ਤਿੰਨ ਖੇਤੀ ਬਿੱਲ ਲਿਆਂਦੇ ਸਨ ਪਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਘਰਸ਼ ਅੱਗੇ ਝੁਕਦਿਆਂ ਮੋਦੀ ਹਕੂਮਤ ਨੂੰ ਉਹ ਬਿੱਲ ਵਾਪਸ ਲੈਣੇ ਪਏ। ਉਨ੍ਹਾਂ ਕਿਹਾ ਕਿ ਕੇਂਦਰ ਨੇ ਭਾਵੇਂ ਬਿੱਲ ਤਾਂ ਵਾਪਸ ਲੈ ਲਏ ਪਰ ਐੱਮਐਸਪੀ ਸਣੇ ਕਈ ਹੋਰ ਮੰਗਾ ਬਕਾਇਆ ਹਨ, ਜਿਨ੍ਹਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਧਨੇਰ ਨੇ ਕਿਹਾ ਕਿ ਹਾਲੇ ਲਖੀਮਪੁਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਬਾਕੀ ਹੈ ਤੇ ਕੇਂਦਰ ਸਰਕਾਰ ਨੇ ਲਖੀਮਪੁਰ ਖੀਰੀ ਕਾਂਡ ਦੇ ਕਥਿਤ ਮੁੱਖ ਸਾਜਿਸ਼ਘਾੜੇ ਅਜੈ ਮਿਸ਼ਰਾ ਨੂੰ ਵੀ ਮੰਤਰੀ ਮੰਡਲ ਵਿੱਚੋਂ ਬਰਖਾਸਤ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਲ੍ਹੀ ਡੱਕੇ ਨਿਰਦੋਸ਼ ਕਿਸਾਨ ਆਗੂਆਂ ਦੀ ਰਿਹਾਈ ਤੇ ਕੌਮੀ ਮਾਰਗ ’ਤੇ ਜਗਜੀਤਪੁਰਾ ’ਤੇ ਲੱਗਾ ਕਥਿਤ ਨਾਜਾਇਜ਼ ਟੌਲ ਪਲਾਜ਼ਾ ਚੁਕਵਾਉਣ ਲਈ ਲੱਗੇ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।